ਭਾਰਤ–ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਘੁਸਪੈਠ ਤੋਂ ਬਾਅਦ ਅੱਤਵਾਦੀਆਂ ਨੂੰ ਕਸ਼ਮੀਰ ਵਾਦੀ ਜਾਂ ਫਿਰ ਕਿਸੇ ਹੋਰ ਟਿਕਾਣੇ ਤੱਕ ਪਹੁੰਚਾਉਣ ਬਦਲੇ ਟਰੱਕ ਡਰਾਇਵਰ ਤੇ ਕੰਡਕਟਰ ਹੁਣ 70 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੀ ਰਕਮ ਲੈਂਦੇ ਹਨ। ਨਗਰੋਟਾ ਦੇ ਬਨ ਟੋਲ ਪਲਾਜ਼ਾ ਉੱਤੇ ਇੱਕ ਅੱਤਵਾਦੀ ਹਮਲੇ ਦੌਰਾਨ ਫੜੇ ਗਏ ਕੁਝ ਗੁਪਤ ਵਰਕਰਾਂ ਤੋਂ ਪੁੱਛਗਿੱਛ ਦੌਰਾਨ ਇਹ ਇੰਕਸ਼ਾਫ਼ ਹੋਇਆ ਹੈ।
ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਨੈੱਟਵਰਕ ਵਿੱਚ ਸ੍ਰੀਨਗਰ ਨਾਲ ਜੁੜੇ ਰੂਟ ’ਤੇ ਚੱਲਣ ਵਾਲੇ ਟਰੱਕ ਇੱਕ ਵੱਡੀ ਲੜੀ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣ ਲਈ ਸੌਦੇ ਹੁੰਦੇ ਹਨ।
ਪੁੱਛਗਿੱਛ ਦੌਰਾਨ ਅੱਤਵਾਦੀਆਂ ਦੇ OGW ਟਰੱਕ ਡਰਾਇਵਰ ਤੇ ਤੇ ਕੰਡਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਮ ਅੱਤਵਾਦੀ ਨੂੰ ਇੱਧਰ–ਉੱਧਰ ਲਿਆਉਣ ਤੇ ਲਿਜਾਣ ਲਈ 70 ਹਜ਼ਾਰ ਤੇ ਕਿਸੇ ਵੱਡੇ ਅੱਤਵਾਦੀ ਨੂੰ ਟਿਕਾਣੇ ਪਹੁੰਚਾਉਣ ਲਈ ਇੱਕ ਲੱਖ ਰੁਪਏ ਮਿਲਦੇ ਹਨ।
ਟੋਲ–ਪਲਾਜ਼ਾ ਹੀ ਨਹੀਂ, ਇਸ ਤੋਂ ਪਹਿਲਾਂ ਫੜੇ ਤੇ ਮਾਰੇ ਗਏ ਅੱਤਵਾਦੀਆਂ ਦੇ ਮਾਮਲਿਆਂ ’ਚ ਵੀ ਇਸ ਬਾਰੇ ਇੰਕਸ਼ਾਫ਼ ਹੋਏ ਹਨ। ਜਾਂਚ ਏਜੰਸੀਆਂ ਦੇ ਸੂਤਰਾਂ ਮੁਤਾਬਕ ਜੰਮੂ–ਕਸ਼ਮੀਰ ਦੇ ਅੱਤਵਾਦ ਤੋ਼ ਪ੍ਰਭਾਵਿਤ ਇਲਾਕਿਆਂ ’ਚ ਟਰੱਕ ਪਹਿਲਾਂ ਨਾਲੋਂ ਵੱਧ ਖ਼ਰੀਦੇ ਜਾਣ ਲੱਗ ਪਏ ਹਨ।
ਸੁਰੱਖਿਆ ਏਜੰਸੀਆਂ ਮੁਤਾਬਕ ਵੀ ਇਹ ਸੰਭਵ ਹੈ ਕਿ ਅੱਤਵਾਦੀਆਂ ਤੇ ਹਥਿਆਰਾਂ ਨੂੰ ਇੱਧਰ–ਉੱਧਰ ਲਿਆਉਣ ਤੇ ਲਿਜਾਣ ਤੋਂ ਇਲਾਵਾ ਹੋਰ ਅਪਰਾਧਕ ਗਤੀਵਿਧੀਆਂ ਲਈ ਵੀ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਅਨੰਤਨਾਗ, ਕੁਪਵਾੜਾ, ਰਾਜੌਰੀ, ਪੁੰਛ, ਕਿਸ਼ਤਵਾੜ ਦੇ ਨਾਲ ਡੋਡਾ ਤੇ ਸ੍ਰੀਨਗਰ ਦੇ ਨੰਬਰਾਂ ਦੀ ਰਜਿਸਟ੍ਰੇਸ਼ਨ ਵੱਧ ਹੋ ਰਹੀ ਹੈ। ਸਾਮਾਨ ਦੀ ਢੋਆ–ਢੁਆਈ ਦੇ ਪੱਜ ਅੱਤਵਾਦੀਆਂ ਨੂੰ ਇੱਕ ਤੋਂ ਦੂਜੀ ਥਾਂ ਲਿਜਾਂਦਾ ਜਾ ਰਿਹਾ ਹੈ।
ਪੁੱਛਗਿੱਛ ਦੌਰਾਨ ਕਠੂਆ ਤੇ ਸਾਂਬਾ ਜ਼ਿਲ੍ਹੇ ’ਚ ਨੈਸ਼ਨਲ ਹਾਈਵੇਅ ਕੰਢੇ ਬਣੇ ਹੋਟਲ ਤੇ ਢਾਬਾ ਮਾਲਕ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਅਜਿਹੀਆਂ ਖ਼ੁਫ਼ੀਆ ਖ਼ਬਰਾਂ ਮਿਲੀਆਂ ਹਨ ਕਿ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਦੇ ਰੁਕਣ ਦੇ ਇੰਤਜ਼ਾਮ ਢਾਬਿਆਂ ਤੇ ਹੋਟਲਾਂ ’ਚ ਕੀਤੇ ਜਾ ਰਹੇ ਹਨ।