ਮਕਰ ਵਿਲੱਕੂ ਤਿਉਹਾਰ ਤੋਂ ਪਹਿਲੇ ਮੰਗਲਵਾਰ ਭਾਵ ਅੱਜ ਖੁੱਲ੍ਹ ਰਹੇ ਸਬਰੀਮਾਲਾ ਮੰਦਰ ’ਚ ਹਰੇਕ ਉਮਰ ਦੀਆਂ ਔਰਤਾਂ ਨੂੰ ਦਾਖ਼ਲ ਹੋਣ ਦੇਣ ਵਿਰੁੱਧ ਅੰਦੋਲਨ ਚਲਾ ਰਹੇ ਸੰਗਠਨ ‘ਆੱਲ ਇੰਡੀਆ ਸਬਰੀਮਾਲਾ ਐਕਸ਼ਨ ਕੌਂਸਲ’ ਨੇ ਕਿਹਾ ਹੈ ਕਿ ਉਹ ਮੰਦਰ ਵਿੱਚ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਕਿਸੇ ਹਾਲਤ ’ਚ ਦਾਖ਼ਲ ਨਹੀਂ ਹੋਣ ਦੇਵੇਗੀ।
ਕੌਂਸਲ ਮੁਤਾਬਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ, ਇਸ ਲਈ ਮੰਦਰ ਤੇ ਉਸ ਦੇ ਆਲੇ–ਦੁਆਲੇ ਸਖ਼ਤ ਚੌਕਸੀ ਰੱਖੀ ਜਾਵੇਗੀ। ਕੌਂਸਲ ਮੁਤਾਬਕ ਉਸ ਨੂੰ ਤਸੱਲੀ ਹੈ ਕਿ 27 ਦਸੰਬਰ ਨੂੰ ਸੰਪੰਨ ਹੋਏ ਮੰਡਲਮ ਦੇ ਤਿਉਹਾਰ ਦੌਰਾਨ 10 ਤੋਂ 50 ਸਾਲਾਂ ਦੀ ਕੋਈ ਵੀ ਕੁੜੀ/ਔਰਤ ਭਗਵਾਨ ਅਯੱਪਾ ਦੇ ਮੰਦਰ ’ਚ ਦਾਖ਼ਲ ਨਹੀਂ ਹੋ ਸਕੀ।
ਕੌਂਸਲ ਦੇ ਜਨਰਲ ਸਕੱਤਰ ਐੱਸਜੇਆਰ ਕੁਮਾਰ ਨੇ ਕਿਹਾ ਕਿ ਮੰਦਰ ਦੀ ਰਵਾਇਤ ਤੇ ਰਿਵਾਜਾਂ ਨੂੰ ਕਿਸੇ ਵੀ ਕੀਮਤ ’ਤੇ ਬਚਾਇਆ ਜਾਵੇਗਾ। ਸਾਲ 2019 ਦੌਰਾਨ ਕੇਰਲ ’ਚ ਸਥਿਤ ਸਬਰੀਮਾਲਾ ਮੰਦਰ ਵਿਵਾਦਾਂ ’ਚ ਛਾਇਆ ਰਿਹਾ। ਕੇਰਲ ਦੇ ਪੇਰਿਯਾਰ ਸਥਿਤ ਚੀਤਿਆਂ ਦੀ ਰੱਖ ਵਿੱਚ ਸਥਾਪਤ ਸਬਰੀਮਾਲਾ ਮੰਦਰ ਵਿੱਚ 10 ਸਾਲਾਂ ਤੋਂ ਲੈ ਕੇ 50 ਸਾਲਾਂ ਦੀ ਉਮਰ ਤੱਕ ਦੀਆਂ ਕੁੜੀਆਂ/ਔਰਤਾਂ ਦੇ ਦਾਖ਼ਲੇ ਉੱਤੇ ਪਾਬੰਦੀ ਸੀ।
ਇਸ ਪਾਬੰਦੀ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ। ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਮੰਦਰ ਵਿੱਚ ਔਰਤਾਂ ਦੇ ਜਾਣ ਉੱਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਸੁਣਾਇਆ। ਇਸ ਫ਼ੈਸਲੇ ਕਾਰਨ ਕਾਫ਼ੀ ਵਿਵਾਦ ਹੋਇਆ। ਕਈ ਨਜ਼ਰਸਾਨੀ ਪਟੀਸ਼ਨਾਂ ਵੀ ਦਾਇਰ ਹੋਈਆਂ। ਫ਼ੈਸਲੇ ਤੋਂ ਬਾਅਦ ਕੇਰਲ ’ਚ ਇਸ ਨੂੰ ਲੈ ਕੇ ਕਈ ਥਾਵਾਂ ਉੱਤੇ ਹਿੰਸਾ ਵੀ ਹੋਈ।
ਸਬਰੀਮਾਲਾ ਮੰਦਰ ਉੱਤੇ ਜਾਰੀ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸਮੀਖਿਆ ਪਟੀਸ਼ਨਾਂ ਉੱਤੇ ਹੁਣ ਸੱਤ ਜੱਜਾਂ ਦਾ ਇੱਕ ਵੱਡਾ ਬੈਂਚ ਜਨਵਰੀ 2020 ’ਚ ਸੁਣਵਾਈ ਕਰੇਗਾ। ਸਬਰੀਮਾਲਾ ਮੰਦਰ ’ਚ ਹਰੇਕ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਸਬੰਧੀ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਨਜ਼ਰਸਾਨੀ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ।