ਹਰਿਆਣਾ ਦੇ ਸ਼ਹਿਰ ਸੋਨੀਪਤ `ਚ ਗ਼ਲਤ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨੇ ਇੱਕ ਕਾਰ ਤੇ ਦੋ ਮੋਟਰਸਾਇਕਲਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ `ਚ 12 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਜ਼ਖ਼ਮੀ ਹੋ ਗਏ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਹਾਦਸੇ ਤੋਂ ਬਾਅਦ ਮੌਕੇ `ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਘਟਨਾ ਸਥਾਨ `ਤੇ ਪੁੱਜੇ।
ਜ਼ਖ਼ਮੀਆਂ ਨੂੰ ਲਾਗਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਅਧਿਕਾਰੀ ਹਾਲੇ ਵੀ ਘਟਨਾ ਸਥਾਨ `ਤੇ ਮੌਜੂਦ ਹਨ ਤੇ ਤਹਿਕੀਕਾਤ ਜਾਰੀ ਹੈ। ਟਰੱਕ ਡਰਾਇਵਰ ਨੂੰ ਹਾਲੇ ਹਿਰਾਸਤ `ਚ ਲਿਆ ਗਿਆ ਹੈ ਜਾਂ ਨਹੀਂ ਜਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ - ਇਸ ਬਾਰੇ ਵੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ।