ਕੋਰੋਨਾ ਵਾਇਰਸ ਦੇ ਵਧਦੇ ਸੰਕਟ ਦੌਰਾਨ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਸ੍ਰੀਮਤੀ ਸੌਨੀਆ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਵੇਖਦਿਆਂ ਉਸਾਰੀ ਭਾਵ ਨਿਰਮਾਣ ਖੇਤਰ ’ਚ ਕੰਮ ਕਰਨ ਵਾਲੇ ਕਾਮਿਆਂ ਲਈ ਹੰਗਾਮੀ ਕਦਮ ਚੁੱਕੇ ਜਾਣ ਤੇ ਕੁਝ ਨਿਸ਼ਚਤ ਰਕਮ ਦੀ ਮਦਦ ਉਨ੍ਹਾਂ ਨੂੰ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ’ਚ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਸਾਰੀ/ਨਿਰਮਾਣ ਖੇਤਰ ਦੇ ਮਜ਼ਦੂਰਾਂ ਦੀ ਭਲਾਈ ਲਈ ਰਾਜ ਬੋਰਡਾਂ ਨੇ ਸੈੱਸ ਰਾਹੀਂ 31 ਮਾਰਚ, 2019 ਤੱਕ 49,688 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਸੀ ਤੇ ਉਸ ਵਿੱਚੋਂ ਹਾਲੇ ਤੱਕ ਸਿਰਫ਼ 19,380 ਕਰੋੜ ਰੁਪਏ ਖ਼ਰਚ ਹੋਏ ਹਨ।
ਉਨ੍ਹਾਂ ਕਿਹਾ ਕਿ ਅਸੀਂ ਇੱਕ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਾਂ। ਅਜਿਹੇ ਹਾਲਾਤ ’ਚ ਕੋਰੋਨਾ ਵਾਇਰਸ ਦਾ ਫੈਲਣਾ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਇਨ੍ਹਾਂ ਕਦਮਾਂ ਰਾਹੀਂ ਆਰਥਿਕ ਗਤੀਵਿਧੀਆਂ ਵਿੱਚ ਵੱਡੇ ਪੱਧਰ ਉੱਤੇ ਰੁਕਾਵਟ ਪਈ ਹੈ; ਜਿਸ ਦਾ ਗ਼ੈਰ–ਸੰਗਠਤ ਖੇਤਰ ਉੱਤੇ ਕਾਫ਼ੀ ਮਾੜਾ ਅਸਰ ਪਿਆ ਹੈ।
ਲੱਖਾਂ ਪ੍ਰਵਾਸੀ ਕਾਮੇ ਵੱਡੇ ਸ਼ਹਿਰਾਂ ਤੋਂ ਆਪੋ–ਆਪਣੇ ਕਸਬਿਆਂ ਤੇ ਪਿੰਡਾਂ ’ਚ ਚਲੇ ਗਏ ਹਨ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਧੀ ਨੇ ਕਿਹਾ ਕਿ ਹੁਣ ਉਸਾਰੀ ਖੇਤਰ ’ਚ ਕੰਮ ਕਰਨ ਵਾਲੇ 4.4 ਕਰੋੜ ਤੋਂ ਵੱਧ ਕਾਮਿਆਂ ਦਾ ਭਵਿੱਖ ਖ਼ਤਰੇ ’ਚ ਪੈ ਗਿਆ ਹੈ। ਸ਼ਹਿਰਾਂ ਦੇ ਬੰਦ ਕਰਨ ਦੇ ਵੱਡੇ ਕਦਮਾਂ ਨਾਲ ਬਹੁਤ ਸਾਰੇ ਕਾਮਿਆਂ ਸਾਹਮਣੇ ਉਪਜੀਵਕਾ ਦਾ ਸੰਕਟ ਵੀ ਪੈਦਾ ਹੋ ਗਿਆ ਹੈ।
ਸ੍ਰੀਮਤੀ ਸੋਨੀਆ ਗਾਂਧੀ ਮੁਤਾਬਕ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਆਰਥਿਕ ਯੋਜਨਾਵਾਂ ਸਾਹਮਣੇ ਰੱਖੀਆਂ ਹਨ। ਅਜਿਹੇ ਹਾਲਾਤ ’ਚ ਭਾਰਤ ਸਰਕਾਰ ਨੂੰ ਵੀ ਅਜਿਹੀ ਅਣ–ਕਿਆਸੀ ਹਾਲਤ ਨੂੰ ਵੇਖਦਿਆਂ ਕਾਮਿਆਂ ਦੇ ਹਿਤ ਵਿੱਚ ਕਦਮ ਚੁੱਕਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਉਸਾਰੀ ਖੇਤਰ ’ਚ ਕੰਮ ਕਰਨ ਵਾਲੇ ਕਾਮਿਆਂ ਲਈ ਹੰਗਾਮੀ ਕਦਮ ਚੁੱਕੇ ਜਾਣ ਤੇ ਕੁਝ ਨਿਸ਼ਚਤ ਰਾਕਮ ਦੀ ਮਦਦ ਉਨ੍ਹਾਂ ਨੂੰ ਦਿੱਤੀ ਜਾਵੇ।