ਹਰਿਆਣਾ ਪੁਲਿਸ ਨੇ ਸੋਨੀਪਤ ਦੇ ਦੋ ਗੋਦਾਮਾਂ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਗ਼ਾਇਬ ਹੋਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਫੜਨ ਲਈ ਸ਼ਨਿੱਚਰਵਾਰ ਨੂੰ ਇੱਕ ਘਰ ਵਿੱਚ ਛਾਪਾ ਮਾਰ ਕੇ 97 ਲੱਖ ਰੁਪਏ ਦੀ ਨਕਦੀ, ਦੋ ਪਿਸਤੌਲ, ਤਿੰਨ ਮੋਬਾਈਲ ਫ਼ੋਨ ਅਤੇ ਇਕ ਕਾਰ ਜ਼ਬਤ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਸੋਨੀਪਤ ਪੁਲਿਸ ਨੇ ਮੁਲਜ਼ਮ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ, ਪਰ ਉਹ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੋਨੀਪਤ ਵਿਚਲੇ ਦੋ ਗੋਦਾਮ ਜਿਥੇ ਭਾਰੀ ਮਾਤਰਾ ਵਿੱਚ ਸ਼ਰਾਬ ਗ਼ਾਇਬ ਹੋਈ ਸੀ, ਉਹ ਦੋਸ਼ੀ ਭੁਪਿੰਦਰ ਸਿੰਘ ਦੀ ਪਤਨੀ ਦੇ ਦੱਸੇ ਜਾਂਦੇ ਹਨ।
ਹਰਿਆਣਾ ਦੇ ਮੰਤਰੀ ਅਨਿਲ ਵਿਜ ਦੇ ਅਨੁਸਾਰ ਸੋਨੀਪਤ ਦੇ ਇਨ੍ਹਾਂ ਗੋਦਾਮਾਂ ਵਿੱਚੋਂ 5,500 ਕੈਨ ਸ਼ਰਾਬ ਗ਼ਾਇਬ ਹੋਈ ਸੀ, ਜਿਸ ਦੀ ਨਿਗਰਾਨੀ ਦਾ ਜ਼ੁੰਮਾ ਪੁਲਿਸ ਵਿਭਾਗ ਨੇ ਹੱਥ ਵਿੱਚ ਸੀ।
'ਗੋਦਾਮ 'ਚੋਂ ਸ਼ਰਾਬ ਗ਼ਾਇਬ ਹੋਣਾ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ '
ਵੀਰਵਾਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੋਨੀਪਤ ਜ਼ਿਲ੍ਹੇ ਦੇ ਦੋ ਗੋਦਾਮਾਂ 'ਚੋਂ ਸ਼ਰਾਬ ਗ਼ਾਇਬ ਸੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਨੇੜਲੇ ਸਥਿਤ ਦੋ ਗੁਦਾਮਾਂ ਵਿੱਚੋਂ ਸ਼ਰਾਬ ਦੇ ਗ਼ਾਇਬ ਹੋਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਕ ਗੋਦਾਮ ਪੁਲਿਸ ਦਾ ਹੈ ਜਦੋਂ ਕਿ ਦੂਜਾ ਰਾਜ ਆਬਕਾਰੀ ਵਿਭਾਗ ਦੇ ਅਧੀਨ ਆਉਂਦਾ ਹੈ।
ਇਹ ਪੁੱਛੇ ਜਾਣ 'ਤੇ ਕਿ ਕੋਈ ਅਧਿਕਾਰੀ ਇਸ 'ਚ ਸ਼ਮੂਲੀਅਤ ਕਰ ਸਕਦਾ ਹੈ, ਵਿਜ ਨੇ ਕਿਹਾ ਕਿ ਸ਼ਰਾਬ ਦੀ ਚੋਰੀ ਬਿਨਾਂ ਕਿਸੇ ਮਿਲੀਭੁਗਤ ਦੇ ਬਗ਼ੈਰ ਸੰਭਵ ਨਹੀਂ ਹੈ।