ਸਪੇਨ 'ਚ ਅੱਜ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਲਗਭਗ 2000 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ ਪਿਛਲੇ 24 ਘੰਟਿਆਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਇਟਲੀ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਯੂਰਪ ਦਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਸਪੇਨ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਵਾਇਰਸ ਪਾਜੀਟਿਵ ਲੋਕਾਂ ਦੀ ਗਿਣਤੀ 7,753 ਤੱਕ ਪਹੁੰਚ ਗਈ ਹੈ ਅਤੇ 288 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰ ਨੇ ਪੂਰੇ ਦੇਸ਼ 'ਚ ਲਗਭਗ ਨਜ਼ਰਬੰਦੀ ਲਾਗੂ ਕਰ ਦਿੱਤੀ ਹੈ। ਲੋਕਾਂ ਨੂੰ ਕੰਮ 'ਤੇ ਜਾਣ, ਡਾਕਟਰੀ ਸੇਵਾਵਾਂ ਜਾਂ ਭੋਜਨ ਖਰੀਦਣ ਲਈ ਘਰਾਂ ਤੋਂ ਬਾਹਰ ਨਿੱਕਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਅਤੇ ਲੋੜੀਂਦੀ ਸਪਲਾਈ ਦਾ ਭਰੋਸਾ ਦੇਣ ਲਈ ਸਪੈਨਿਸ਼ ਫੌਜ ਨੂੰ ਲਾਮਬੰਦ ਕੀਤਾ ਗਿਆ ਹੈ, ਜਦਕਿ ਇੰਟਰਸਿਟੀ ਰੇਲ ਗੱਡੀਆਂ ਤੇ ਬੱਸਾਂ ਦੀਆਂ ਸੇਵਾਵਾਂ 'ਚ 50 ਫੀਸਦੀ ਦੀ ਕਮੀ ਵੇਖੀ ਗਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਪਤਨੀ ਬੇਗੋਨਾ ਗੋਮੇਜ਼ ਵੀ ਕੋਵਿਡ-19 ਪਾਜੀਟਿਵ ਪਾਈ ਗਈ ਹੈ। ਸਪੇਨ ਨੇ ਇਹ ਐਲਾਨ ਬੀਤੀ ਸਨਿੱਚਰਵਾਰ ਦੇਰ ਰਾਤ ਕੀਤਾ, ਜਦੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਦੇਸ਼ ਨੂੰ ਲਗਭਗ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਸੀ।
ਦੂਜੇ ਪਾਸੇ ਈਰਾਨ 'ਚ ਕੋਰੋਨਾ ਵਾਇਰਸ ਕਾਰਨ ਇੱਕ ਦਿਨ 'ਚ 113 ਹੋਰ ਲੋਕਾਂ ਦੀ ਮੌਤ ਹੋ ਗਈ। ਈਰਾਨ ਨੇ ਇਹ ਜਾਣਕਾਰੀ ਅੱਜ ਐਤਵਾਰ ਨੂੰ ਦਿੱਤੀ। ਈਰਾਨ 'ਚ ਕੁਲ ਮੌਤਾਂ ਦੀ ਗਿਣਤੀ 724 ਹੋ ਗਈ ਹੈ, ਜਦਕਿ ਅੱਜ 1209 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪੂਰੀ ਦੁਨੀਆ 'ਚ ਕੋਰੋਨਾ ਦੇ ਹੁਣ ਤਕ 1,62,654 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 6069 ਲੋਕਾਂ ਦੀ ਮੌਤ ਹੋ ਚੁੱਕੀ ਹੈ।