ਦੇਸ਼–ਧਰੋਹ ਦੇ ਦੋਸ਼ ਅਧੀਨ ਗ੍ਰਿਫ਼ਤਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਸਕੌਲਰ ਸ਼ਰਜੀਲ ਇਮਾਮ ਨੇ ਕਈ ਖ਼ੁਲਾਸੇ ਕੀਤੇ ਹਨ। ਉਸ ਮੰਨਿਆ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ’ਚ ਭੜਕਾਊ ਭਾਸ਼ਣ ਦੇਣ ਵਾਲਾ ਵਿਡੀਓ ਉਸੇ ਦਾ ਹੈ ਤੇ ਵਿਡੀਓ ਨਾਲ ਕੋਈ ਛੇੜਖਾਨੀ ਨਹੀਂ ਹੈ।
ਸ਼ਰਜੀਲ ਨੇ ਕਿਹਾ ਕਿ ਵਾਇਰਲ ਹੋਇਆ ਵਿਡੀਓ ਪੂਰਾ ਨਹੀਂ ਹੈ। ਉਸ ਨੇ ਇੱਕ ਘੰਟੇ ਤੱਕ ਭਾਸ਼ਣ ਦਿੱਤਾ ਸੀ। ਭਾਸ਼ਣ ਦੌਰਾਨ ਉਸ ਨੇ ਜੋਸ਼ ’ਚ ਆਸਾਮ ਨੂੰ ਦੇਸ਼ ਤੋਂ ਵੱਖ ਕਰਨ ਦਾ ਬਿਆਨ ਦੇ ਦਿੱਤਾ।
ਸ਼ਰਜੀਲ ਇਮਾਮ ਤੋਂ ਪੁੱਛਗਿੱਛ ਕਰਨ ਵਾਲੇ ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਜੀਲ ਨੇ ਸੋਚ–ਸਮਝ ਕੇ ਰਣਨੀਤੀ ਅਧੀਨ ਹੀ ਭਾਸ਼ਣ ਦਿੱਤਾ ਸੀ।
ਪੁੱਛਗਿੱਛ ਦੌਰਾਨ ਸ਼ਰਜੀਲ ਇਮਾਮ ਨੇ ਦੱਸਿਆ ਕਿ ਉਹ 25 ਜਨਵਰੀ ਨੂੰ ਬਿਹਾਰ ਦੇ ਫੁਲਵਾਰੀ ਸ਼ਰੀਫ਼ ’ਚ ਸੀਏਏ–ਐੱਨਆਰਸੀ ਦੇ ਵਿਰੋਧ ’ਚ ਸ਼ਾਹੀਨ ਬਾਗ਼ ਵਾਂਗ ਚੱਲ ਰਹੇ ਧਰਨੇ ’ਚ ਭਾਸ਼ਣ ਦੇਣ ਲਈ ਪੁੱਜਾ ਸੀ। ਉਹ ਜਦੋਂ ਭਾਸ਼ਣ ਦੇਣ ਲਈ ਜਾ ਰਿਹਾ ਸੀ, ਤਦ ਉਸ ਨੂੰ ਪਤਾ ਲੱਗਾ ਸੀ ਕਿ ਉਸ ਵਿਰੁੱਧ ਐੱਫ਼ਆਈਆਰ ਦਰਜ ਹੋਈ ਹੈ। ਇਹ ਪਤਾ ਚੱਲਦਿਆਂ ਹੀ ਉਹ ਜ਼ਮੀਨਦੋਜ਼ ਹੋ ਗਿਆ ਸੀ।
ਕ੍ਰਾਈਮ ਬ੍ਰਾਂਚ ਸੂਤਰਾਂ ਮੁਤਾਬਕ ਸ਼ਰਜੀਲ ਨੇ ਫ਼ੁਲਵਾਰੀ ਸ਼ਰੀਫ਼ ’ਚ ਆਪਣਾ ਮੋਬਾਇਲ ਬੰਦ ਕਰ ਦਿੱਤਾ ਸੀ ਤੇ ਸਿੱਧਾ ਆਪਣੇ ਪਿੰਡ ਕਾਕੋ ਪੁੱਜਾ ਸੀ ਤੇ ਕਾਕੋ ਪਿੰਡ ’ਚ ਹੀ ਲੁਕਿਆ ਰਿਹਾ ਸੀ। ਸ਼ਰਜੀਲ ਦੇ ਪਰਿਵਾਰ ਦਾ ਕਾਕੋ ਪਿੰਡ ’ਚ ਪੂਰਾ ਦਬਦਬਾ ਹੈ। ਇਸ ਲਈ ਪਿੰਡ ਵਿੱਚ ਉਸ ਨੂੰ ਲੁਕਣ ਲਈ ਜਗ੍ਹਾ ਮਿਲਦੀ ਰਹੀ ਸੀ।
ਦਿੱਲੀ ਪੁਲਿਸ ਮੁਤਾਬਕ ਸ਼ਰਜੀਲ ਕਾਕੋ ਪਿੰਡ ਦੇ ਇਮਾਮਬਾੜੇ (ਜਿੱਥੇ ਤਾਜੀਆ ਰੱਖਿਆ ਜਾਂਦਾ ਹੈ) ’ਚ ਲੁਕਿਆ ਰਿਹਾ ਸੀ। ਉੱਥੋਂ ਉਸ ਨੂੰ ਅੰਦਰ ਜਾ ਕੇ ਗ੍ਰਿਫ਼ਤਾਰ ਕਰਨਾ ਤੇ ਉੱਥੋਂ ਲਿਆਉਣਾ ਕਾਫ਼ੀ ਔਖਾ ਹੋਣਾ ਸੀ; ਇਸ ਲਈ ਉਸ ਦੇ ਬਾਹਰ ਆਉਣ ਦੀ ਉਡੀਕ ਕੀਤੀ ਗਈ।
ਇਸ ਦੌਰਾਨ ਸ਼ਰਜੀਲ ਇਮਾਮ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਸ਼ਰਜੀਲ ਇਮਾਮ ਨੂੰ ਲੈ ਕੇ ਸਾਕੇਤ ਅਦਾਲਤ ਪੁੱਜੀ ਸੀ ਤੇ ਜੱਜ ਸਾਹਵੇਂ ਪੇਸ਼ ਕੀਤਾ ਗਿਆ ਸੀ।