ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਦੇ ਵਿਦਿਆਰਥੀਆਂ ਤੇ ਕੇਂਦਰ ਵਿਚਾਲੇ ਰੇੜਕਾ ਜਾਰੀ

JNU ਦੇ ਵਿਦਿਆਰਥੀਆਂ ਤੇ ਕੇਂਦਰ ਵਿਚਾਲੇ ਰੇੜਕਾ ਜਾਰੀ

ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀ ਯੂਨੀਅਨ ਦੇ ਅਹੁਦੇਦਾਰਾਂ ਦੀ ਦੋ ਦਿਨ ਚੱਲੀ ਮੈਰਾਥਨ ਮੀਟਿੰਗ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਾ ਨਿੱਕਲ ਸਕਣ ਕਾਰਨ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ JNU ਦੇ ਵਿਦਿਆਰਥੀਆਂ ਨਾਲ ਹੁਣ ਕੋਈ ਗੱਲਬਾਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਵੱਲੋਂ ਵੱਧ ਤੋਂ ਵੱਧ ਪੇਸ਼ਕਸ਼ ਕਰ ਦਿੱਤੀ ਹੈ; ਜੇ ਵਿਦਿਆਰਥੀ ਇਸ ਉੱਤੇ ਸਹਿਮਤ ਨਹੀਂ ਹੋ ਸਕਦੇ, ਤਾਂ ਉਹ ਇਸ ਵਿੱਚ ਦਖ਼ਲ ਨਹੀਂ ਦੇਵੇਗਾ।

 

 

ਇੰਝ JNU ਦੇ ਵਿਦਿਆਰਥੀਆਂ ਤੇ ਕੇਂਦਰ ਸਰਕਾਰ ਵਿਚਾਲੇ ‘ਕੁੰਢੀਆਂ ਦੇ ਸਿੰਙ’ ਫਸਣ ਵਾਲੀ ਗੱਲ ਹੋ ਗਈ ਹੈ। ਦੋਵੇਂ ਧਿਰਾਂ ਹੁਣ ਆਹਮੋ–ਸਾਹਮਣੇ ਹਨ ਪਰ ਹੱਲ ਨਿੱਕਲਦਾ ਕੋਈ ਵਿਖਾਈ ਨਹੀਂ ਦੇ ਰਿਹਾ।

 

 

ਉੱਚ–ਸਿੱਖਿਆ ਸਕੱਤਰ ਆਰ. ਸੁਬਰਾਮਨੀਅਮ ਤੇ ਸੰਯੁਕਤ ਸਕੱਤਰ ਜੀ.ਸੀ. ਹੋਸੂਰ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ JNU ਵਿਦਿਆਰਥੀ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੈਰਾਥਨ ਮੀਟਿੰਗ ਕੀਤੀ ਸੀ। ਸੂਤਰਾਂ ਮੁਤਾਬਕ ਇਸ ਦੌਰਾਨ ਮੰਤਰਾਲੇ ਨੇ ਪੇਸ਼ਕਸ਼ ਕੀਤੀ ਸੀ ਕਿ ਸਰਵਿਸ ਚਾਰਜ ਤੇ ਯੂਟੀਲਿਟੀ ਚਾਰਜ ਫ਼ਿਲਹਾਲ ਵਾਪਸ ਨਹੀਂ ਲਿਆ ਜਾਵੇਗਾ।

 

 

ਹੋਸਟਲ ਦੇ ਕਮਰਿਆਂ ਦਾ ਵਧਿਆ ਕਿਰਾਇਆ (10 ਰੁਪਏ ਤੋਂ 300 ਰੁਪਏ ਤੇ 20 ਰੁਪਏ ਤੋਂ 600 ਰੁਪਏ) ਕਾਇਮ ਰਹੇਗਾ। ਧਰਨੇ ਕਾਰਨ ਜਿਹੜਾ ਅਕਾਦਮਿਕ ਜਮਾਤਾਂ ਦਾ ਨੁਕਸਾਨ ਹੋਇਆ ਹੈ, ਉਸ ਲਈ ਵਿਦਿਆਰਥੀਆਂ ਨੂੰ ਦੋ ਹਫ਼ਤੇ ਦਾ ਵਾਧੂ ਸਮਾਂ ਵੀ ਮਿਲੇਗਾ। ਅਕਤੂਬਰ ਤੋਂ ਬਾਅਦ ਹੋਈਆਂ ਘਟਨਾਵਾਂ ਨੂੰ ਲੈ ਕੇ JNU ਪ੍ਰਸ਼ਾਸਨ ਵਿਦਿਆਰਥੀਆਂ ਪ੍ਰਤੀ ਨਰਮ ਰਵੱਈਆ ਰੱਖੇਗਾ।

 

 

ਇਹ ਵੀ ਤੈਅ ਹੋਇਆ ਸੀ ਕਿ JNU ਵਿਦਿਆਰਥੀ ਯੂਨੀਅਨ ਤੁਰੰਤ ਆਪਣਾ ਅੰਦੋਲਨ ਬੰਦ ਕਰ ਦੇਵੇਗਾ। ਬੁੱਧਵਾਰ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਤੋਂ ਬਾਅਦ JNU ਵਿਦਿਆਰਥੀ ਯੂਨੀਅਨ ਦੇ ਅਹੁਦੇਦਾਰਾਂ ਨੇ ਇਨ੍ਹਾਂ ਮੰਗਾਂ ਉੱਤੇ ਆਪਣੀ ਸਿਧਾਂਤਕ ਸਹਿਮਤੀ ਪ੍ਰਗਟਾ ਦਿੱਤੀ ਸੀ ਤੇ ਆਖ਼ਰੀ ਫ਼ੈਸਲਾ ਗਵਰਨਿੰਗ ਬਾਡੀ ਨਾਲ ਚਰਚਾ ਤੋਂ ਬਾਅਦ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਹੁਣ JNU ਦੇ ਵਿਦਿਆਰਥੀ ਉਨ੍ਹਾਂ ਮੁੱਦਿਆਂ ਉੱਤੇ ਗੱਲ ਕਰਨੀ ਚਾਹ ਰਹੇ ਹਨ; ਜੋ ਹੁਣ ਤੱਕ ਏਜੰਡੇ ਵਿੱਚ ਨਹੀਂ ਸਨ।

 

 

ਮੰਤਰਾਲਾ ਵਿਦਿਆਰਥੀਆਂ ਦੇ ਇਸ ਰਵੱਈਏ ਤੋਂ ਨਿਰਾਸ਼ ਹੈ। ਸੂਤਰਾਂ ਮੁਤਾਬਕ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੇ ਰਵਾਇਤ ਤੋਂ ਹਟ ਕੇ ਖ਼ੁਦ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆ ਸੁਲਝਾਉਣ ਦਾ ਜਤਨ ਕੀਤਾ ਪਰ ਵਿਦਿਆਰਥੀ ਹੁਣ ਕੁਝ ਜ਼ਿੱਦੀ ਰਵੱਈਆ ਅਖ਼ਤਿਆਰ ਕਰ ਰਹੇ ਹਨ; ਇਸ ਲਈ ਮੰਤਰਾਲਾ ਹੁਣ ਵਿਦਿਆਰਥੀਆਂ ਨਾਲ ਕੋਈ ਗੱਲਬਾਤ ਨਹੀਂ ਕਰੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stalemate continues between JNU students and Centre