ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਜਿਕ ਸਰੋਕਾਰਾਂ ਦਾ ਕਥਾਕਾਰ: ਆਰ. ਕੇ. ਨਾਰਾਇਣ

ਸਮਾਜਿਕ ਸਰੋਕਾਰਾਂ ਦਾ ਕਥਾਕਾਰ: ਆਰ. ਕੇ. ਨਾਰਾਇਣ

ਆਰ. ਕੇ. ਨਾਰਾਇਣ(10 ਅਕਤੂਬਰ 1906-13 ਮਈ 2001) ਇੱਕ ਪ੍ਰਸਿੱਧ ਭਾਰਤੀ ਅੰਗਰੇਜ਼ੀ ਲੇਖਕ ਹੋ ਗੁਜ਼ਰਿਆ ਹੈ। ਉਸਦਾ ਪੂਰਾ ਨਾਂ ਰਸੀਪੁਰਮ ਕ੍ਰਿਸ਼ਨਾਸਵਾਮੀ ਅਈਅਰ ਨਾਰਾਇਣ ਸਵਾਮੀ ਸੀ। ਉਸ ਨੂੰ ਆਪਣੀਆਂ ਲਿਖਤਾਂ ਵਿੱਚ ਕਾਲਪਨਿਕ ਦੱਖਣ- ਭਾਰਤੀ ਕਸਬੇ 'ਮਾਲਗੁਡੀ' ਕਰਕੇ ਜਾਣਿਆ ਜਾਂਦਾ ਹੈ; ਬਿਲਕੁਲ ਉਵੇਂ ਹੀ ਜਿਵੇਂ ਪੰਜਾਬੀ ਗਲਪਕਾਰ ਰਾਮ ਸਰੂਪ ਅਣਖੀ ਨੂੰ ਕਾਲਪਨਿਕ ਮਲਵਈ ਪਿੰਡ 'ਕੋਠੇ ਖੜਕ ਸਿੰਘ' ਕਰਕੇ ਜਾਣਿਆ ਜਾਂਦਾ ਹੈ। ਨਾਰਾਇਣ ਭਾਰਤੀ ਅੰਗਰੇਜ਼ੀ ਸਾਹਿਤ ਦੀਆਂ ਕੁਝ ਉੱਘੀਆਂ ਸ਼ਖ਼ਸੀਅਤਾਂ- ਮੁਲਕ ਰਾਜ ਆਨੰਦ ਅਤੇ ਰਾਜਾ ਰਾਓ ਵਿੱਚੋਂ ਇੱਕ ਸੀ।

 

 

ਨਾਰਾਇਣ ਦਾ ਜਨਮ ਬਰਤਾਨਵੀ ਭਾਰਤ ਦੇ ਮਹਾਂਨਗਰ ਮਦਰਾਸ (ਹੁਣ ਚੇਨੱਈ) ਵਿੱਚ ਹੋਇਆ। ਉਸ ਦਾ ਪਿਤਾ ਸਕੂਲ ਹੈੱਡਮਾਸਟਰ ਸੀ ਅਤੇ ਨਾਰਾਇਣ ਨੇ ਆਪਣੀ ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ਵਿੱਚੋਂ ਹੀ ਹਾਸਲ ਕੀਤੀ। ਪਿਤਾ ਦੀ ਨੌਕਰੀ ਵਿੱਚ ਬਦਲੀ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਸੀ, ਜਿਸ ਕਰਕੇ ਨਾਰਾਇਣ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਆਪਣੀ ਨਾਨੀ ਪਾਰਵਤੀ ਦੀ ਦੇਖਰੇਖ ਹੇਠ ਬਿਤਾਇਆ। ਬਚਪਨ ਵਿੱਚ ਇੱਕ ਮੋਰ ਅਤੇ ਸ਼ਰਾਰਤੀ ਬਾਂਦਰ ਉਸ ਦੀ ਖੇਡ ਦੇ ਸਾਥੀ ਸਨ।

 

 

ਉਸ ਦੀ ਨਾਨੀ ਉਸ ਨੂੰ 'ਕੁੰਜੱਪਾ' ਕਹਿ ਕੇ ਬੁਲਾਇਆ ਕਰਦੀ ਸੀ ਤੇ ਨਾਨੀ ਨੇ ਹੀ ਉਹਨੂੰ ਗਣਿਤ, ਮਿਥਿਹਾਸ, ਪੁਰਾਤਨ ਭਾਰਤੀ ਸੰਗੀਤ ਅਤੇ ਸੰਸਕ੍ਰਿਤ ਦੀ ਜਾਣਕਾਰੀ ਦਿੱਤੀ। ਉਸ ਦੇ ਸਭ ਤੋਂ ਛੋਟੇ ਭਰਾ ਆਰ. ਕੇ. ਲਕਸ਼ਮਣ (ਜੋ ਕਿ ਪ੍ਰਸਿੱਧ ਕਾਰਟੂਨਿਸਟ ਸੀ) ਮੁਤਾਬਕ ਉਨ੍ਹਾਂ ਦਾ ਪਰਿਵਾਰ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਦਾ ਸੀ। ਨਾਨਕੇ- ਘਰ ਰਹਿੰਦਿਆਂ ਨਾਰਾਇਣ ਨੇ ਮਦਰਾਸ ਦੇ ਪਰੰਪਰਿਕ ਸਕੂਲਾਂ (ਲੁਦਰਿਨ ਮਿਸ਼ਨ ਸਕੂਲ ਪੁਰਾਸਾਵਾਲਕਮ, ਸੀ ਆਰ ਸੀ ਹਾਈ ਸਕੂਲ, ਕ੍ਰਿਸਚੀਅਨ ਕਾਲਜ ਹਾਈ ਸਕੂਲ ਆਦਿ) ਤੋਂ ਵਿੱਦਿਆ ਹਾਸਲ ਕੀਤੀ। ਇਨ੍ਹਾਂ ਦਿਨਾਂ ਵਿੱਚ ਹੀ ਉਸ ਨੇ ਡਿਕਨਜ਼, ਵੋਡਹਾਊਸ, ਆਰਥਰ ਕਾਨਨ ਡਾਇਲ ਅਤੇ ਟਾਮਸ ਹਾਰਡੀ ਜਿਹੇ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਪੜ੍ਹੀਆਂ। ਅਜੇ ਉਹ ਬਾਰਾਂ ਵਰ੍ਹਿਆਂ ਦਾ ਹੀ ਸੀ ਕਿ ਉਹਨੇ ਆਜ਼ਾਦੀ- ਸੰਗਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹਨੂੰ ਆਪਣੇ ਪਰਿਵਾਰ ਤੋਂ ਝਿੜਕਾਂ ਵੀ ਖਾਣੀਆਂ ਪਈਆਂ, ਕਿਉਂਕਿ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਗੈਰ- ਰਾਜਨੀਤਕ ਸੀ।

 

 

ਜਦੋਂ ਨਾਰਾਇਣ ਦੇ ਪਿਤਾ ਦੀ ਬਦਲੀ ਮਹਾਰਾਜਾ ਕਾਲਜ ਹਾਈ ਸਕੂਲ ਮੈਸੂਰ ਵਿੱਚ ਹੋ ਗਈ ਤਾਂ ਨਾਰਾਇਣ ਉੱਥੇ ਪੜ੍ਹਨ ਲੱਗ ਪਿਆ। ਉਸ ਸਕੂਲ ਦੀ ਕਿਤਾਬਾਂ ਨਾਲ ਭਰੀ ਲਾਇਬ੍ਰੇਰੀ ਵਿੱਚੋਂ ਨਾਰਾਇਣ ਨੂੰ ਪੜ੍ਹਨ ਲਈ ਅਣਗਿਣਤ ਪੁਸਤਕਾਂ ਮਿਲੀਆਂ। ਯੂਨੀਵਰਸਿਟੀ ਦਾਖ਼ਲੇ ਦੇ ਇਮਤਿਹਾਨ ਵਿਚੋਂ ਉਹ ਫੇਲ੍ਹ ਹੋ ਗਿਆ, ਤਾਂ ਉਹਨੇ ਇੱਕ ਸਾਲ ਘਰ ਵਿੱਚ ਹੀ ਪੜ੍ਹ- ਲਿਖ ਕੇ ਬਿਤਾਇਆ। ਪਿੱਛੋਂ 1926 ਵਿੱਚ ਉਹਨੇ ਦਾਖ਼ਲਾ ਪ੍ਰੀਖਿਆ ਪਾਸ ਕੀਤੀ ਅਤੇ ਮਹਾਰਾਜਾ ਕਾਲਜ ਮੈਸੂਰ ਵਿੱਚ ਦਾਖ਼ਲਾ ਲੈ ਲਿਆ। ਇਉਂ ਉਹਨੇ ਬੀ.ਏ.ਪਾਸ ਕਰਨ ਲਈ ਚਾਰ ਸਾਲ(ਆਮ ਨਾਲੋਂ ਇੱਕ ਵੱਧ)ਲਾਏ। ਪਿੱਛੋਂ ਉਹਨੇ ਐਮ.ਏ. ਕਰਨ ਨਾਲੋਂ ਸਕੂਲ ਅਧਿਆਪਕ ਦੀ ਨੌਕਰੀ ਨੂੰ ਤਰਜੀਹ ਦਿੱਤੀ।ਪਰ ਜਦੋਂ ਮੁੱਖ ਅਧਿਆਪਕ ਨੇ ਉਹਨੂੰ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰਨ ਨੂੰ ਕਿਹਾ ਤਾਂ ਉਹਨੇ ਗੁੱਸੇ ਵਿੱਚ ਇਹ ਨੌਕਰੀ ਛੱਡ ਦਿੱਤੀ। ਇਸ ਤਜਰਬੇ ਤੋਂ ਉਹਨੂੰ ਅਹਿਸਾਸ ਹੋ ਗਿਆ ਕਿ ਉਹਦੇ ਲਈ ਢੁਕਵਾਂ ਕੈਰੀਅਰ ਲੇਖਕ ਬਣਨਾ ਹੀ ਹੈ। ਫਿਰ ਉਹਨੇ ਘਰੇ ਰਹਿ ਕੇ ਨਾਵਲ, ਕਹਾਣੀਆਂ ਲਿਖਣ ਦਾ ਫ਼ੈਸਲਾ ਕੀਤਾ।

 

 

ਉਹਦੀ ਪਹਿਲੀ ਪ੍ਰਕਾਸ਼ਿਤ ਰਚਨਾ 'ਡਿਵੈਲਪਮੈਂਟ ਆਫ ਮੈਰੀਟਾਈਮ ਲਾਜ਼ ਆਫ ਸੈਵਨਟੀਨਥ ਸੈਂਚਰੀ ਇੰਗਲੈਂਡ' ਦਾ ਪੁਸਤਕ ਰੀਵਿਊ ਸੀ।ਬਾਅਦ ਵਿੱਚ ਉਹਨੇ ਅੰਗਰੇਜ਼ੀ ਦੇ ਅਖ਼ਬਾਰਾਂ ਰਸਾਲਿਆਂ ਲਈ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਲਿਖਤਾਂ ਤੋਂ ਉਹਨੂੰ ਕੋਈ ਖਾਸ ਆਮਦਨ ਨਹੀਂ ਸੀ ਹੁੰਦੀ ਤੇ ਉਹਦੀ ਪਹਿਲੇ ਵਰ੍ਹੇ ਦੀ ਕਮਾਈ ਸਿਰਫ਼ ਨੌਂ ਰੁਪਏ ਬਾਰਾਂ ਆਨੇ ਹੀ ਸੀ। ਉਹਦੀ ਜ਼ਿੰਦਗੀ ਆਮ ਜਿਹੀ ਸੀ, ਲੋੜਾਂ ਬਹੁਤ ਸੀਮਤ ਸਨ ਅਤੇ ਘਰ- ਬਾਹਰ ਵਿੱਚ ਉਹਦਾ ਸਤਿਕਾਰ ਸੀ। 1930 ਵਿੱਚ ਨਾਰਾਇਣ ਨੇ 'ਸਵਾਮੀ ਐਂਡ ਫ੍ਰੈਂਡਜ਼' ਨਾਂ ਹੇਠ ਪਹਿਲਾ ਨਾਵਲ ਲਿਖਿਆ, ਪਰ ਪ੍ਰਕਾਸ਼ਕਾਂ ਨੇ ਇਹਨੂੰ ਨਕਾਰ ਦਿੱਤਾ। ਇਸ ਕਿਤਾਬ ਵਿੱਚ ਉਹਨੇ 'ਮਾਲਗੁਡੀ' ਨਾਂ ਦੇ ਕਾਲਪਨਿਕ ਕਸਬੇ ਦੀ ਉਸਾਰੀ ਕੀਤੀ ਸੀ। ਇਸ ਵਿੱਚ ਬਸਤੀਵਾਦੀ ਸ਼ਾਸਨ ਦੀ ਨਿਖੇਧੀ ਕੀਤੀ ਗੲੀ ਸੀ। ਨਾਲੋ-ਨਾਲ ਬਰਤਾਨਵੀ ਰਾਜ ਅਤੇ ਸੁਤੰਤਰਤਾ ਪਿੱਛੋਂ ਦੇ ਭਾਰਤੀ ਸਮਾਜਿਕ- ਰਾਜਨੀਤਕ ਪਰਿਵਰਤਨ ਨੂੰ ਵੀ ਉਭਾਰਿਆ ਗਿਆ ਸੀ।

 

 

1933 ਵਿੱਚ ਜਦੋਂ ਉਹ ਕੋਇੰਬਟੂਰ ਵਿਖੇ ਆਪਣੀ ਭੈਣ ਦੇ ਘਰ ਛੁੱਟੀਆਂ ਮਨਾਉਣ ਗਿਆ ਹੋਇਆ ਸੀ, ਤਾਂ ਉਹਨੂੰ ਗੁਆਂਢ ਵਿੱਚ ਰਹਿੰਦੀ ਪੰਦਰਾਂ- ਸਾਲਾ ਲੜਕੀ ਰਾਜਮ ਨਾਲ ਪਿਆਰ ਹੋ ਗਿਆ। ਬਹੁਤ ਸਾਰੀਆਂ ਜੋਤਿਸ਼ੀ ਅਤੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਨਾਰਾਇਣ ਨੇ ਲੜਕੀ ਦੇ ਪਿਤਾ ਨਾਲ ਮੁਲਾਕਾਤ ਕੀਤੀ ਅਤੇ ਰਾਜਮ ਨਾਲ ਸ਼ਾਦੀ ਕਰ ਲਈ। ਸ਼ਾਦੀ ਪਿੱਛੋਂ ਨਾਰਾਇਣ ਨੇ ਮਦਰਾਸ ਤੋਂ ਨਿਕਲਦੇ ਇੱਕ ਅਖ਼ਬਾਰ 'ਦ ਜਸਟਿਸ' ਵਿੱਚ ਪੱਤਰਕਾਰ ਵਜੋਂ ਨੌਕਰੀ ਸ਼ੁਰੂ ਕੀਤੀ। ਇਹ ਅਖ਼ਬਾਰ ਗੈਰ- ਬ੍ਰਾਹਮਣਾਂ ਦੇ ਹੱਕਾਂ ਨੂੰ ਸਮਰਪਿਤ ਸੀ। ਇਸ ਨੌਕਰੀ ਨਾਲ ਉਹ ਬਹੁਤ ਸਾਰੇ ਲੋਕਾਂ ਅਤੇ ਮੁੱਦਿਆਂ ਦੇ ਸੰਪਰਕ ਵਿੱਚ ਆਇਆ। ਪ੍ਰਕਾਸ਼ਕ ਨਾਰਾਇਣ ਦੇ ਰੂਪ ਵਿੱਚ ਇੱਕ ਅਈਅਰ ਬ੍ਰਾਹਮਣ ਨੂੰ ਲੈ ਕੇ ਬੜੇ ਉਤਸ਼ਾਹਿਤ ਸਨ।

 

 

ਇਸ ਤੋਂ ਪਹਿਲਾਂ ਨਾਰਾਇਣ ਨੇ ਆਕਸਫੋਰਡ ਵਿਚਲੇ ਆਪਣੇ ਇੱਕ ਦੋਸਤ ਨੂੰ 'ਸਵਾਮੀ ਐਂਡ ਫਰੈਂਡਜ਼' ਦਾ ਖਰੜਾ ਭੇਜ ਦਿੱਤਾ ਸੀ, ਜਿਸ ਨੇ ਇਹ ਖਰੜਾ ਗ੍ਰਾਹਮ ਗ੍ਰੀਨ ਨੂੰ ਵਿਖਾਇਆ।ਇਸ ਨਾਵਲ ਦਾ ਨਾਂ ਨਾਰਾਇਣ ਨੇ 'ਸਵਾਮੀਨਾਥਨ ਐਂਡ ਟੇਟ' ਰੱਖਿਆ ਸੀ ਪਰ ਗਰੀਨ ਦੇ ਕਹਿਣ ਤੇ ਇਸ ਦਾ ਨਾਂ ਬਦਲ ਦਿੱਤਾ ਗਿਆ। ਗਰੀਨ ਦੀ ਸਿਫ਼ਾਰਿਸ਼ ਨਾਲ ਇੱਕ ਪ੍ਰਕਾਸ਼ਕ ਹੈਮਿਸ ਹੈਮਿਲਟਨ ਨੇ 1935 ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ। ਗਰੀਨ ਨੇ ਹੀ ਨਾਰਾਇਣ ਨੂੰ ਆਪਣਾ ਨਾਂ ਵੀ ਛੋਟਾ ਕਰਨ ਦੀ ਸਲਾਹ ਦਿੱਤੀ ਸੀ, ਤਾਂ ਜੋ ਅੰਗਰੇਜ਼ੀ ਬੋਲਣ ਵਾਲੇ ਇਸ ਨੂੰ ਸੌਖਿਆਂ ਉਚਾਰ ਸਕਣ।

 

 

ਇਹ ਪੁਸਤਕ ਅਰਧ- ਸਵੈਜੀਵਨੀ ਸੀ, ਜਿਸ ਵਿੱਚ ਉਸ ਦੇ ਬਚਪਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸ਼ਾਮਲ ਸਨ। ਭਾਵੇਂ ਇਹ ਕਿਤਾਬ ਖੂਬ ਚਰਚਿਤ ਹੋਈ ਪਰ ਇਹਦੀ ਵਿਕਰੀ ਕਾਫੀ ਘੱਟ ਰਹੀ। ਨਾਰਾਇਣ ਦਾ ਅਗਲਾ ਨਾਵਲ 'ਦ ਬੈਚੁਲਰ ਆਫ ਆਰਟਸ' ਉਹਦੇ ਕਾਲਜ- ਤਜਰਬਿਆਂ ਨਾਲ ਸੰਬੰਧਤ ਸੀ, ਜਿਸ ਵਿੱਚ ਇੱਕ ਬਾਗੀ ਯੁਵਕ ਤੋਂ ਸੁਲਝੇ ਹੋਏ ਨੌਜਵਾਨ ਤੱਕ ਦਾ ਬਿਰਤਾਂਤ ਹੈ। ਇਹ ਨਾਵਲ ਵੀ ਗ੍ਰਾਹਮ ਗ੍ਰੀਨ ਨੇ ਹੀ 1937 ਵਿੱਚ ਛਪਵਾਇਆ, ਪਰ ਇੱਕ ਹੋਰ ਪ੍ਰਕਾਸ਼ਕ ਥਾਮਸ ਨੈਲਸਨ ਤੋਂ। ਉਹਦਾ ਤੀਜਾ ਨਾਵਲ 'ਦ ਡਾਰਕ ਰੂਮ'(1938) ਘਰੇਲੂ ਉਥਲ-ਪੁਥਲ ਬਾਰੇ ਹੈ, ਜਿਸ ਵਿੱਚ ਵਿਆਹ ਪਿੱਛੋਂ ਔਰਤ- ਮਰਦ ਦੇ ਰਿਸ਼ਤਿਆਂ ਦਾ ਵਰਣਨ ਮਿਲਦਾ ਹੈ। ਇਹ ਨਾਵਲ ਵੀ ਲੋਕਾਂ ਵਿੱਚ ਖੂਬ ਚਰਚਿਤ ਹੋਇਆ।

 

 

1937 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਜਾਣ ਤੇ ਉਹਨੂੰ ਮੈਸੂਰ ਸਰਕਾਰ ਵੱਲੋਂ ਕਮਿਸ਼ਨ ਲੈਣ ਦੀ ਸਲਾਹ ਦਿੱਤੀ ਗਈ, ਕਿਉਂਕਿ ਉਹ ਅਜੇ ਕਮਾਉਣ ਜੋਗਾ ਨਹੀਂ ਸੀ ਹੋਇਆ। ਆਪਣੀਆਂ ਪਹਿਲੀਆਂ ਤਿੰਨ ਕਿਤਾਬਾਂ ਵਿੱਚ ਨਾਰਾਇਣ ਨੇ ਸਮਾਜ ਵੱਲੋਂ ਪ੍ਰਵਾਣਿਤ ਰਸਮਾਂ-ਰੀਤਾਂ ਦੀਆਂ ਮੁਸ਼ਕਿਲਾਂ ਨੂੰ ਦਰਸਾਇਆ ਹੈ।

 

 

 1939 ਵਿੱਚ ਆਪਣੀ ਪਤਨੀ ਰਾਜਮ ਦੀ ਟਾਈਫਾਈਡ ਕਰਕੇ ਹੋਈ ਮੌਤ ਕਾਰਨ ਨਾਰਾਇਣ ਕਾਫੀ ਦੁਖੀ ਅਤੇ ਉਦਾਸ ਰਹਿਣ ਲੱਗ ਪਿਆ। ਉਹਨੂੰ ਆਪਣੀ ਤਿੰਨ- ਸਾਲਾ ਬੇਟੀ ਹੇਮਾ ਦਾ ਵੀ ਫ਼ਿਕਰ ਸੀ। ਇਸ ਉਦਾਸੀ ਨੇ ਉਹਦੀ ਜ਼ਿੰਦਗੀ ਵਿੱਚ ਭਾਰੀ ਤਬਦੀਲੀ ਲਿਆਂਦੀ, ਜੋ ਉਹਦੇ ਅਗਲੇ ਨਾਵਲ 'ਦ ਇੰਗਲਿਸ਼ ਟੀਚਰ' ਦਾ ਪ੍ਰੇਰਨਾਸਰੋਤ ਬਣੀ। ਇਹ ਪੁਸਤਕ ਵੀ ਪਹਿਲੀਆਂ ਦੋ ਵਾਂਗ ਸਵੈਜੀਵਨੀ ਮੂਲਕ ਹੈ। ਇਉਂ ਇੱਕ ਤਰ੍ਹਾਂ ਨਾਲ ਇਹ ਇੱਕ ਪ੍ਰਕਾਰ ਦੀ ਤ੍ਰਿਕੜੀ ਹੈ, ਜਿਸ ਦਾ ਕ੍ਰਮ ਇਸ ਪ੍ਰਕਾਰ ਹੈ: 'ਸਵਾਮੀ ਐਂਡ ਫ੍ਰੈਂਡਜ਼', 'ਦ ਬੈਚੁਲਰ ਆਫ ਆਰਟਸ' ਅਤੇ 'ਦ ਇੰਗਲਿਸ਼ ਟੀਚਰ'। ਆਪਣੀਆਂ ਇੰਟਰਵਿਊਜ਼ ਵਿੱਚ ਨਾਰਾਇਣ ਨੇ ਸਵੀਕਾਰ ਕੀਤਾ ਹੈ ਕਿ 'ਦ ਇੰਗਲਿਸ਼ ਟੀਚਰ'ਪੂਰੀ ਤਰ੍ਹਾਂ ਸਵੈਜੀਵਨੀ ਹੈ, ਭਾਵੇਂ ਕਿ ਪਾਤਰਾਂ ਦੇ ਨਾਂ ਅਤੇ 'ਮਾਲਗੁਡੀ' ਦੇ ਵਾਤਾਵਰਣ ਵਿੱਚ ਕੁਝ ਤਬਦੀਲੀ ਹੈ। ਪਰ ਇਹ ਨਾਵਲ ਰਾਜਮ ਦੀ ਮੌਤ ਪਿੱਛੋਂ ਪੈਦਾ ਹੋਏ ਹਾਲਾਤ ਅਤੇ ਭਾਵਨਾਤਮਕ ਸੰਸਾਰ ਨਾਲ ਸਬੰਧਤ ਹੈ। 

 

 

1940 ਵਿੱਚ ਉਸ ਨੇ 'ਇੰਡੀਅਨ ਥਾਟ' ਨਾਮੀ ਅਖ਼ਬਾਰ ਸ਼ੁਰੂ ਕੀਤਾ। ਆਪਣੇ ਇਕ ਰਿਸ਼ਤੇਦਾਰ, ਜੋ ਕਾਰ ਵਿਕ੍ਰੇਤਾ ਸੀ, ਦੀ ਮਦਦ ਨਾਲ ਨਾਰਾਇਣ ਨੇ ਇਕੱਲੇ ਮਦਰਾਸ ਸ਼ਹਿਰ ਦੇ ਇੱਕ ਹਜ਼ਾਰ ਤੋਂ ਵੀ ਵੱਧ ਲੋਕਾਂ ਤੋਂ ਚੰਦਾ ਇਕੱਠਾ ਕਰ ਲਿਆ। ਪਰ ਇਹ ਜੋਖਮ ਭਰਿਆ ਕੰਮ ਸੀ, ਜਿਸ ਨੂੰ ਉਹ ਜ਼ਿਆਦਾ ਸਮੇਂ ਤੱਕ ਜਾਰੀ ਨਾ ਰੱਖ ਸਕਿਆ ਤੇ ਇੱਕ ਸਾਲ ਵਿੱਚ ਹੀ ਅਖ਼ਬਾਰ ਬੰਦ ਕਰਨਾ ਪਿਆ। 'ਦ ਇੰਗਲਿਸ਼ ਟੀਚਰ' ਦੇ ਪ੍ਰਕਾਸ਼ਨ ਤੋਂ ਪਹਿਲਾਂ ਸਤੰਬਰ 1942 ਵਿੱਚ ਉਹਦਾ ਇੱਕ ਕਹਾਣੀ ਸੰਗ੍ਰਹਿ 'ਮਾਲਗੁਡੀ ਡੇਜ਼'ਪ੍ਰਕਾਸ਼ਿਤ ਹੋਇਆ। 1942 ਤੋਂ 1945 ਦੌਰਾਨ ਲੜਾਈ ਲੱਗਣ ਕਰਕੇ ਇੰਗਲੈਂਡ ਨਾਲ ਰਿਸ਼ਤਾ ਟੁੱਟ ਗਿਆ, ਜਿਸ ਕਰਕੇ ਨਾਰਾਇਣ ਨੇ ਆਪਣੀ ਪ੍ਰਕਾਸ਼ਨ ਕੰਪਨੀ 'ਇੰਡੀਅਨ ਥਾਟ ਪਬਲੀਕੇਸ਼ਨਜ਼' ਸ਼ੁਰੂ ਕਰ ਲਈ, ਜੋ ਅੱਜ ਵੀ ਕਾਰਜਸ਼ੀਲ ਹੈ। ਇਸਦਾ ਪ੍ਰਬੰਧ ਨਾਰਾਇਣ ਦੀ ਦੋਹਤੀ ਭੁਵਨੇਸ਼ਵਰੀ ਸੰਭਾਲ ਰਹੀ ਹੈ।ਛੇਤੀ ਹੀ ਉਸ ਦੇ ਸਮਰਪਿਤ ਪਾਠਕਾਂ ਦੀ ਗਿਣਤੀ ਨਿਊਯਾਰਕ ਤੋਂ ਮਾਸਕੋ ਤੱਕ ਫੈਲ ਗਈ ਅਤੇ ਉਸ ਦੀਆਂ ਕਿਤਾਬਾਂ ਖ਼ੂਬ ਵਿਕਣ ਲੱਗੀਆਂ।

 

 

1945 ਤੋਂ ਪਿੱਛੋਂ ਉਹਦੀਆਂ ਲਿਖਤਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਕਾਲਪਨਿਕ ਅਤੇ ਸਿਰਜਣਾਤਮਿਕ ਪੱਖ ਆਉਣਾ ਸ਼ੁਰੂ ਹੋ ਗਿਆ। ਇਸ ਕਿਸਮ ਦੀ ਪਹਿਲੀ ਕੋਸ਼ਿਸ਼ 'ਮਿ.ਸੰਪਥ'(1948) ਸੀ। 'ਦ ਫਾਈਨੈਂਸ਼ੀਅਲ ਐਕਸਪਰਟ'(1952) ਨੂੰ ਉਹਦਾ ਸ਼ਾਹਕਾਰ ਨਾਵਲ ਮੰਨਿਆ ਜਾਂਦਾ ਹੈ। ਇਹਦੀ ਪ੍ਰੇਰਨਾ ਉਹਨੂੰ ਆਰਥਿਕ ਤੌਰ ਤੇ ਸਮਝਦਾਰ ਵਿਅਕਤੀ ਮਾਰਗੱਯਾ ਦੀ ਸੱਚੀ ਕਹਾਣੀ ਤੋਂ ਮਿਲੀ, ਜੋ ਉਹਦੇ ਭਰਾ ਦਾ ਜਾਣੂ ਸੀ। 'ਵੇਟਿੰਗ ਫਾਰ ਦ ਮਹਾਤਮਾ'(1955) ਹਲਕੇ ਫੁਲਕੇ ਢੰਗ ਨਾਲ ਮਹਾਤਮਾ ਗਾਂਧੀ ਦੀ ਮਾਲਗੁਡੀ ਯਾਤਰਾ ਦਾ ਰਹੱਸਮਈ ਬਿਰਤਾਂਤ ਹੈ। ਇਸ ਵਿੱਚ ਮੁੱਖ ਪਾਤਰ ਦੀਆਂ ਇੱਕ ਔਰਤ ਲਈ ਰੋਮਾਂਟਿਕ ਭਾਵਨਾਵਾਂ ਨੂੰ ਦਰਸਾਇਆ ਗਿਆ ਹੈ, ਜਦੋਂ ਉਹ ਮਹਾਤਮਾ ਗਾਂਧੀ ਦੇ ਪ੍ਰਵਚਨ ਸੁਣਨ ਜਾਂਦਾ ਹੈ। ਭਾਵੇਂ ਇਸ ਨਾਵਲ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਦੇ ਮਹੱਤਵਪੂਰਨ ਪ੍ਰਸੰਗ ਵੀ ਸ਼ਾਮਲ ਹਨ, ਫਿਰ ਵੀ ਇਹ ਇੱਕ ਆਮ ਵਿਅਕਤੀ ਦੀ ਜ਼ਿੰਦਗੀ ਤੇ ਆਧਾਰਿਤ ਹੈ,ਜਿਸਨੂੰ ਲੇਖਕ ਨੇ ਸਾਧਾਰਨ ਵਿਅੰਗ ਦੀ ਦ੍ਰਿਸ਼ਟੀ ਤੋਂ ਬਿਆਨ ਕੀਤਾ ਹੈ।

 

 

1953 ਵਿੱਚ ਮਿਸ਼ੀਗਨ ਸਟੇਟ ਯੂਨੀਵਰਸਿਟੀ ਪ੍ਰੈੱਸ ਵੱਲੋਂ ਪਹਿਲੀ ਵਾਰ ਉਹਦੀਆਂ ਲਿਖਤਾਂ ਯੂ.ਐੱਸ.ਵਿੱਚ ਪ੍ਰਕਾਸ਼ਿਤ ਹੋਈਆਂ, ਜਿਸ ਨੇ ਪਿੱਛੋਂ 1958 ਵਿੱਚ ਇਹ ਅਧਿਕਾਰ ਵਾਈਕਿੰਗ ਪ੍ਰੈੱਸ ਨੂੰ ਸੌਂਪ ਦਿੱਤੇ। ਭਾਵੇਂ ਨਾਰਾਇਣ ਦੀਆਂ ਲਿਖਤਾਂ, ਸਮਾਜਿਕ ਢਾਂਚੇ ਅਤੇ ਵਿਚਾਰਾਂ ਵਿੱਚ ਕਾਫ਼ੀ ਉਥਲ- ਪੁਥਲ ਹੈ, ਪਰ ਫਿਰ ਵੀ ਉਹ ਇੱਕ ਪਰੰਪਰਾਵਾਦੀ ਹੀ ਸੀ। ਫਰਵਰੀ 1956 ਵਿੱਚ ਉਹਨੇ ਆਪਣੀ ਬੇਟੀ ਦੀ ਸ਼ਾਦੀ ਕੱਟੜ ਹਿੰਦੂ ਰੀਤੀ ਮੁਤਾਬਕ ਕੀਤੀ। ਨਾਰਾਇਣ ਨੇ ਅਕਸਰ ਯਾਤਰਾ ਦੌਰਾਨ ਹਰ ਰੋਜ਼ 1500 ਸ਼ਬਦ ਲਿਖਣ ਦਾ ਨੇਮ ਨਿਭਾਇਆ।

 

 

1956 ਵਿੱਚ ਜਦੋਂ ਉਹ ਰੌਕਫੈੱਲਰ ਫੈਲੋਸ਼ਿਪ ਅਧੀਨ ਯੂ.ਐੱਸ.ਦੀ ਯਾਤਰਾ ਤੇ ਸੀ ਤਾਂ ਉਹਨੇ 'ਦ ਗਾਈਡ' ਨਾਵਲ ਦੀ ਰਚਨਾ ਕੀਤੀ। ਇੱਥੇ ਹੀ ਉਹਨੇ ਰੋਜ਼ਾਨਾ ਜਰਨਲ (ਰੋਜ਼ਨਾਮਚਾ) ਜਾਰੀ ਰੱਖਿਆ, ਜੋ ਪਿੱਛੋਂ ਉਹਦੀ ਪੁਸਤਕ 'ਮਾਈ ਡੇਟਲੈੱਸ ਡਾਇਰੀ' (1960) ਦੀ ਆਧਾਰਸ਼ਿਲਾ ਬਣਿਆ। ਇਸੇ ਸਮੇਂ ਆਪਣੀ ਇੰਗਲੈਂਡ ਦੀ ਫੇਰੀ ਦੌਰਾਨ ਨਾਰਾਇਣ ਆਪਣੇ ਮਿੱਤਰ ਅਤੇ ਸਲਾਹਕਾਰ ਗ੍ਰਾਹਮ ਗਰੀਨ ਨੂੰ ਪਹਿਲੀ ਵਾਰ ਮਿਲਿਆ। ਭਾਰਤ ਵਾਪਸ ਪਰਤਣ ਤੇ 'ਦ ਗਾਈਡ'(1958) ਪ੍ਰਕਾਸ਼ਿਤ ਹੋਇਆ। ਇਹ ਨਾਵਲ ਨਾਰਾਇਣ ਦੀ ਲੇਖਣ- ਕਲਾ ਅਤੇ ਪ੍ਰਗਟਾਵੇ ਦੀ ਖੂਬਸੂਰਤ ਪੇਸ਼ਕਾਰੀ ਹੈ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ।

 

 

1961 ਤੋਂ ਪਿੱਛੋਂ ਉਹ ਇੱਕ ਵਾਰ ਫੇਰ ਵਿਦੇਸ਼ ਯਾਤਰਾ ਲਈ ਚੱਲ ਪਿਆ, ਜਿਸ ਵਿੱਚ ਉਸ ਨੇ ਯੂ.ਐੱਸ.ਅਤੇ ਆਸਟਰੇਲੀਆ ਦਾ ਦੌਰਾ ਕੀਤਾ। ਉਹਨੇ ਤਿੰਨ ਹਫ਼ਤਿਆਂ ਵਿੱਚ ਐਡੀਲੇਡ, ਸਿਡਨੀ ਅਤੇ ਮੈਲਬੌਰਨ ਵਿਖੇ ਭਾਰਤੀ ਸਾਹਿਤ ਬਾਰੇ ਵਿਸ਼ੇਸ਼ ਭਾਸ਼ਣ ਦਿੱਤੇ। ਇਹ ਯਾਤਰਾ 'ਆਸਟ੍ਰੇਲੀਅਨ ਰਾਈਟਰਜ਼ ਗਰੁੱਪ' ਦੇ ਸਹਿਯੋਗ ਨਾਲ ਕੀਤੀ ਗਈ ਸੀ। ਹੁਣ ਤੱਕ ਨਾਰਾਇਣ ਨੂੰ ਸਾਹਿਤਕ ਅਤੇ ਆਰਥਿਕ ਤੌਰ ਤੇ ਕਾਫੀ ਸਫਲਤਾ ਮਿਲ ਚੁੱਕੀ ਸੀ। ਭਾਰਤ ਅਤੇ ਵਿਦੇਸ਼ ਵਿੱਚ ਮਿਲੀ ਇਸ ਕਾਮਯਾਬੀ ਪਿੱਛੋਂ ਉਹਨੇ 'ਦ ਹਿੰਦੂ' ਅਤੇ 'ਦ ਐਟਲਾਂਟਿਕ' ਜਿਹੀਆਂ ਪੱਤਰ- ਪੱਤ੍ਰਿਕਾਵਾਂ ਲਈ ਕਾਲਮ ਲਿਖਣੇ ਸ਼ੁਰੂ ਕਰ ਦਿੱਤੇ।

 

 

ਨਾਰਾਇਣ ਦੀਆਂ ਹੋਰ ਲਿਖਤਾਂ ਵਿੱਚ ਕੁਝ ਹੋਰ ਨਾਵਲ(ਦ ਮੈਨ ਈਟਰ ਆਫ ਮਾਲਗੁਡੀ,1961;ਦ ਵੈਂਡਰ ਆਫ ਸਵੀਟਸ,1967; ਦ ਪੇਂਟਰ ਆਫ਼ ਸਾਈਨਜ਼,1977; ਏ ਟਾਈਗਰ ਫਾਰ ਮਾਲਗੁਡੀ, 1983; ਟਾਕੇਟਿਵ ਮੈਨ,1986; ਦ ਵਰਲਡ ਆਫ ਨਾਗਰਾਜ,1990; ਗਰੈਂਡਮਦਰਜ਼ ਟੇਲ,1992); ਵਾਰਤਕ ਸੰਗ੍ਰਹਿ(ਨੈਕਸਟ ਸੰਡੇ,1960;ਮਾਈ ਡੇਜ਼,1974; ਰਿਲੱਕਟੈਂਟ ਗੁਰੂ,1974; ਦ ਐਮਰਲਡ ਰੂਟ,1980; ਏ ਰਾਈਟਰਜ਼ ਨਾਈਟਮੇਅਰ,1988; ਏ ਸਟੋਰੀਟੈਲਰਜ਼ ਵਰਲਡ,1989;ਦ ਰਾਈਟਰਲੀ ਲਾਈਫ਼,2002; ਮੈਸੂਰ, 1944 ਦੂਜੀ ਵਾਰ); ਮਿਥਿਹਾਸ (ਗੌਡਜ਼, ਡੈਮਨਜ਼ ਐਂਡ ਅਦਰਜ਼,1964; ਦ ਰਾਮਾਇਣ,1973; ਦ ਮਹਾਂਭਾਰਤ,1978;) ਅਤੇ ਕਹਾਣੀ ਸੰਗ੍ਰਹਿ(ਐਨ ਐਸਟ੍ਰੌਲੋਜਰਜ਼ ਡੇਅ ਐਂਡ ਅਦਰ ਸਟੋਰੀਜ਼,1947; ਲਾਅਲੇਅ ਰੋਡ ਐਂਡ ਅਦਰ ਸਟੋਰੀਜ਼,1956; ਏ ਹੌਰਸ ਐਂਡ ਟੂ ਗੋਟਸ,1970; ਅੰਡਰ ਦ ਬਨੀਅਨ ਟ੍ਰੀ ਐਂਡ ਅਦਰ ਸਟੋਰੀਜ਼,1985; ਦ ਗਰੈਂਡਮਦਰਜ਼ ਟੇਲ ਐਂਡ ਸਿਲੈਕਟਡ ਸਟੋਰੀਜ਼,1994) ਸ਼ਾਮਲ ਹਨ।

 

 

ਨਾਰਾਇਣ ਦੀ ਲੇਖਣ ਸ਼ੈਲੀ ਨੂੰ ਆਲੋਚਕਾਂ ਨੇ ਚੈਖਵ ਨਾਲ ਤੁਲਨਾ ਦਿੱਤੀ ਹੈ। ਦ ਨਿਊਯਾਰਕਰ ਨੇ ਉਹਦੀਆਂ ਲਿਖਤਾਂ ਨੂੰ ਗੋਗੋਲ ਵਰਗਾ ਮੰਨਿਆ ਹੈ। ਪੁਲਿਤਜ਼ਰ ਇਨਾਮ ਜੇਤੂ ਝੁੰਪਾ ਲਹਿਰੀ ਨੇ ਉਹਦੀਆਂ ਕਹਾਣੀਆਂ ਨੂੰ ਮੋਪਾਂਸਾ ਨਾਲ ਤੁਲਨਾ ਦਿੱਤੀ ਹੈ। ਸਾਮਰਸੈੱਟ ਮਾਮ ਨੇ ਉਹਦਾ ਨਾਵਲ 'ਡਾਰਕ ਰੂਮ' ਪੜ੍ਹ ਕੇ ਉਹਨੂੰ  ਪ੍ਰਸ਼ੰਸਾ ਪੱਤਰ ਲਿਖਿਆ ਸੀ। ਸ਼ਸ਼ੀ ਥਰੂਰ ਨੇ ਉਹਦੀ ਤੁਲਨਾ ਜੇਨ ਆਸਟੇਨ ਨਾਲ ਕੀਤੀ ਹੈ। ਉਹਦੇ ਇੱਕ ਜੀਵਨੀਕਾਰ ਵਿਲੀਅਮ ਵਾਲਸ਼ ਨੇ ਉਹਦੀ ਸ਼ੈਲੀ ਦੇ ਸੁਖਾਂਤ ਪੱਖ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਜੌਨ ਅਪਡਾਈਕ ਨੇ ਨਾਰਾਇਣ ਦੀ ਤੁਲਨਾ ਚਾਰਲਸ ਡਿਕਨਜ਼ ਨਾਲ ਕੀਤੀ ਹੈ। ਅਪਡਾਇਕ ਉਹਨੂੰ ਲੁਪਤ ਹੋ ਰਹੀ ਨਸਲ ਦਾ ਲੇਖਕ ਕਹਿੰਦਾ ਹੈ। ਵ੍ਹਾਈਟ ਮੇਸਨ ਨੇ ਉਹਦੀ ਤਕਨੀਕ ਨੂੰ ਮਹੱਤਵਪੂਰਣ ਮੰਨਿਆ ਹੈ।

 

 

ਵਿਜੇ ਆਨੰਦ ਦੇ ਨਿਰਦੇਸ਼ਨ ਹੇਠ ਉਹਦੇ ਨਾਵਲ 'ਦ ਗਾਈਡ' ਤੇ ਬਣੀ ਹਿੰਦੀ ਫ਼ਿਲਮ 'ਗਾਈਡ' ਦਾ ਅੰਗਰੇਜ਼ੀ ਸੰਸਕਰਨ ਵੀ ਬਣਿਆ ਸੀ। ਹਾਰਵੇ ਬ੍ਰੇਟ ਅਤੇ ਪੈਟ੍ਰੀਸ਼ੀਆ ਰਾਈਨਹਾਰਟ ਨੇ ਇਸੇ ਨਾਵਲ ਦਾ ਨਾਟਕੀ ਰੂਪਾਂਤਰਣ ਕੀਤਾ, ਜੋ 1968 ਵਿੱਚ ਹਡਸਨ ਥੀਏਟਰ ਵਿੱਚ ਮੰਚਿਤ ਹੋਇਆ। ਜ਼ੀਆ ਮੋਹੇਦੀਨ ਦੀ ਭੂਮਿਕਾ ਵਾਲੇ ਇਸ ਨਾਟਕ ਲਈ ਪੰਡਿਤ ਰਵੀ ਸ਼ੰਕਰ ਨੇ ਸੰਗੀਤ ਪ੍ਰਦਾਨ ਕੀਤਾ ਸੀ। 'ਮਿ. ਸੰਪਥ' ਤੇ ਤਮਿਲ ਫ਼ਿਲਮ 'ਮਿਸ ਮਾਲਿਨੀ' ਦਾ ਨਿਰਮਾਣ ਹੋਇਆ, ਜਿਸ ਵਿੱਚ ਪੁਸ਼ਪਾਵੱਲੀ ਅਤੇ ਕੋਥਾਮੰਗਲਮ ਦੀਆਂ ਭੂਮਿਕਾਵਾਂ ਸਨ। ਜੈਮਿਨੀ ਸਟੂਡੀਓਜ਼ ਵੱਲੋਂ ਨਿਰਮਿਤ ਹਿੰਦੀ ਸੰਸਕਰਨ ਵਿੱਚ ਪਦਮਿਨੀ ਅਤੇ ਮੋਤੀ ਲਾਲ ਦੀਆਂ ਪ੍ਰਮੁੱਖ ਭੂਮਿਕਾਵਾਂ ਸਨ। 'ਦ ਫਾਈਨੈਂਸ਼ੀਅਲ ਐਕਸਪਰਟ' ਤੇ ਕੰਨੜ ਫਿਲਮ 'ਬੈਂਕਰ ਮਾਰਗੱਯਾ' ਦਾ ਨਿਰਮਾਣ ਹੋਇਆ। 'ਸਵਾਮੀ ਐਂਡ ਫ੍ਰੈਂਡਜ਼', 'ਦ ਵੈਂਡਰ ਆਫ ਸਵੀਟਸ' ਅਤੇ ਨਾਰਾਇਣ ਦੀਆਂ ਕੁਝ ਹੋਰ ਕਹਾਣੀਆਂ ਨੂੰ ਸ਼ੰਕਰ ਨਾਗ ਨੇ ਟੀਵੀ ਸੀਰੀਅਲ 'ਮਾਲਗੁਡੀ ਡੇਜ਼' ਵਿੱਚ ਪੇਸ਼ ਕੀਤਾ।

 

 

ਸਾਹਿਤ ਅਕਾਦਮੀ ਪੁਰਸਕਾਰ(1958)ਸਮੇਤ ਆਰ.ਕੇ.ਨਾਰਾਇਣ ਨੂੰ 'ਗਾਈਡ' ਫਿਲਮ ਲਈ 'ਫਿਲਮਫੇਅਰ ਐਵਾਰਡ ਫਾਰ ਬੈਸਟ ਸਟੋਰੀ'; ਪਦਮ ਭੂਸ਼ਣ (1964);ਬ੍ਰਿਟਿਸ਼ ਰਾਇਲ ਸੁਸਾਇਟੀ ਆਫ਼ ਲਿਟਰੇਚਰ ਵੱਲੋਂ ਏ.ਸੀ. ਬੈਨਸਨ ਮੈਡਲ(1980); ਅਮੈਰਿਕਨ ਅਕੈਡਮੀ ਆਫ਼ ਆਰਟ ਐਂਡ ਲੈਟਰਜ਼ ਦਾ ਅਾਨਰੇਰੀ ਮੈਂਬਰ (1982); ਯੂਨੀਵਰਸਿਟੀ ਆਫ਼ ਲੀਡਜ਼, ਯੂਨੀਵਰਸਿਟੀ ਆਫ ਮੈਸੂਰ ਤੇ ਦਿੱਲੀ ਯੂਨੀਵਰਸਿਟੀ ਵੱਲੋਂ ਕ੍ਰਮਵਾਰ 1967,1976 ਤੇ 1983 ਵਿੱਚ ਅਾਨਰੇਰੀ ਡਾਕਟਰੇਟ; ਰਾਜ ਸਭਾ ਦਾ ਮੈਂਬਰ (1989); ਪਦਮ ਵਿਭੂਸ਼ਣ(2000) ਆਦਿ ਸਨਮਾਨ ਤੇ ਪੁਰਸਕਾਰ ਪ੍ਰਾਪਤ ਹੋਏ। ਅੰਗਰੇਜ਼ੀ ਵਿੱਚ ਲਿਖਣ ਵਾਲੇ ਭਾਰਤੀ ਸਾਹਿਤਕਾਰਾਂ ਵਿੱਚ ਨਾਰਾਇਣ ਮਾਨਵਵਾਦੀ, ਸਮਾਜਿਕ ਤੇ ਆਸਾਨ ਕਥਾ- ਸ਼ੈਲੀ ਲਈ ਹਮੇਸ਼ਾ ਅਮਰ ਰਹੇਗਾ। 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Story Writer of Social Causes RK Naryanan