ਜੰਮੂ–ਕਸ਼ਮੀਰ ’ਚ ਪੋਸਟਰ ਚਿਪਕਾ ਕੇ ਸਥਾਨਕ ਵਪਾਰੀਆਂ ਨੂੰ ਕਥਿਤ ਤੌਰ ’ਤੇ ਡਰਾਉਣ–ਧਮਕਾਉਣ ਅਤੇ ਵਾਦੀ ਵਿੱਚ ਆਮ ਸੁਖਾਵੇਂ ਹਾਲਾਤ ਬਹਾਲੀ ’ਚ ਅੜਿੱਕਾ ਪੈਦਾ ਕਰਨ ਦੇ ਦੋਸ਼ ਹੇਠ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਕਸ਼ਮੀਰ ਦੇ ਆਈਜੀ ਪੁਲਿਸ ਐੱਸਪੀ ਪਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੁਕਾਨਦਾਰਾਂ ਨੂੰ ਡਰਾਉਣ ਲਈ ਪੋਸਟਰ ਚਿਪਕਾਉਣ ਦੀਆਂ ਘਟਨਾਵਾਂ ਦਾ ਪੁਲਿਸ ਨੇ ਸਖ਼ਤ ਨੋਟਿਸ ਲਿਆ ਹੈ ਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਜਿਹੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲੱਗਾ ਹੈ ਕਿ ਕੁਝ ਮਾਮਲਿਆਂ ਪਿੱਛੇ ਸਰਗਰਮ ਅੱਤਵਾਦੀ ਸਨ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਕੁਝ ਮਾਮਲਿਆਂ ’ਚ ਤਾਂ ਉਂਝ ਆਮ ਹੀ ਸ਼ਰਾਰਤੀ ਤੱਤ ਹਨ, ਕੁਝ ਬਦਮਾਸ਼ ਹਨ; ਜਦ ਕਿ ਕੁਝ ਹੋਰ ਬਾਕਾਇਦਾ ਸਰਗਰਮ ਅੱਤਵਾਦੀ ਮਾਡਿਯੂਲ ਵਿੱਚ ਸ਼ਾਮਲ ਹਨ। ਇੰਝ ਕਈ ਤਰ੍ਹਾਂ ਦੇ ਮਾਡਿਯੂਲਜ਼ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਉਨ੍ਹਾਂ ਵਿੱਚ ਸੋਪੋਰ, ਅਵਾਂਤੀਪੁਰਾ ਅਤੇ ਸ੍ਰੀਨਗਰ ਚਾਰ–ਪੰਜ ਮੁੱਖ ਮਾਡਿਯੂਲਜ਼ ਦੇ ਵਿਅਕਤੀ ਸ਼ਾਮਲ ਹਨ।
ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖ਼ਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਇਸ ਦੇ ਵਿਰੋਧ ’ਚ ਕਸ਼ਮੀਰ ’ਚ ਤਿੰਨ ਮਹੀਨਿਆਂ ਤੱਕ ਬੰਦ ਤੋਂ ਬਾਅਦ ਆਮ ਜਨ–ਜੀਵਨ ਪਿਛਲੇ ਕੁਝ ਹਫ਼ਤਿਆਂ ਤੋਂ ਪੁਰਾਣੀ ਲੀਹ ’ਤੇ ਪਰਤ ਰਿਹਾ ਸੀ ਪਰ ਇੱਥੇ ਅਤੇ ਕੁਝ ਹੋਰ ਸਥਾਨਾਂ ’ਤੇ ਦੁਕਾਨਦਾਰਾਂ ਤੇ ਸਥਾਨਕ ਟ੍ਰਾਂਸਪੋਰਟਰਾਂ ਨੂੰ ਧਮਕੀ ਦੇਣ ਵਾਲੇ ਪੋਸਟਰ ਚਿਪਕਾਏ ਜਾਣ ਤੋਂ ਬਾਅਦ ਬੁੱਧਵਾਰ ਤੋਂ ਮੁੜ ਬੰਦ ਸ਼ੁਰੂ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਹੋਰ ਸਥਾਨਾਂ ’ਤੇ ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਤੇ ਹੋਰ ਵਪਾਰਕ ਅਦਾਰੇ ਸਨਿੱਚਰਵਾਰ ਨੂੰ ਭਾਵ ਚੌਥੇ ਦਿਨ ਵੀ ਬੰਦ ਰਹੇ। ਸੜਕਾਂ ਉੱਤੇ ਕੋਈ ਵਾਹਨ ਵੀ ਨਹੀਂ ਚੱਲੇ। ਉਂਝ ਕੁਝ ਆਟੋ ਰਿਕਸ਼ਾ ਤੇ ਅੰਤਰ–ਜ਼ਿਲ੍ਹਾ ਕੈਬ ਸੇਵਾਵਾਂ ਜ਼ਰੂਰ ਚੱਲ ਰਹੀਆਂ ਸਨ। ਪ੍ਰੀ–ਪੇਡ ਮੋਬਾਇਲ ਫ਼ੋਨ ਅਤੇ ਸਾਰੀਆਂ ਇੰਟਰਨੈੱਟ ਸੇਵਾਵਾਂ ਬੀਤੀ 5 ਅਗਸਤ ਤੋਂ ਹੀ ਬੰਦ ਹਨ।