ਸਬ–ਲੈਫ਼ਟੀਨੈਂਟ ਸ਼ਿਵਾਂਗੀ ਭਾਰਤੀ ਸਮੁੰਦਰੀ ਫ਼ੌਜ (Indian Navy) ਦੀ ਪਹਿਲੀ ਮਹਿਲਾ ਪਾਇਲਟ ਬਣ ਗਏ ਹਨ। ਅੱਜ ਸੋਮਵਾਰ ਨੂੰ ਉਨ੍ਹਾਂ ਕੋਚੀ ਨੇਵਲ ਬੇਸ ’ਤੇ ਆਪਰੇਸ਼ਨਲ ਡਿਊਟੀ ਜੁਆਇਨ ਕੀਤੀ। ਉਹ ਡ੍ਰੋਨੀਅਰ ਸਰਵੇਲਾਂਸ ਹਵਾਈ ਜਹਾਜ਼ ਉਡਾਉਣਗੇ। ਚੇਤੇ ਰਹੇ ਕਿ ਇਸੇ ਵਰ੍ਹੇ ਭਾਰਤੀ ਹਵਾਈ ਫ਼ੌਜ ’ਚ ਵੀ ਫ਼ਲਾਈਟ ਲੈਂਫ਼ਟੀਨੈਂਟ ਭਾਵਨਾ ਕਾਂਤ ਜੰਗੀ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਮਹਿਲਾ ਪਾਇਲਟ ਬਣੇ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਵਾਂਗੀ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਵੱਲੋਂ ਤਿਆਰ ਕੀਤੇ ਗਏ ਡ੍ਰੋਨੀਅਰ 228 ਹਵਾਈ ਜਹਾਜ਼ ਉਡਾਉਣਗੇ। ਇਸ ਹਵਾਈ ਜਹਾਜ਼ ਨੂੰ ਘੱਟ ਦੂਰੀ ਦੇ ਸਮੁੰਦਰੀ ਮਿਸ਼ਨ ਉੱਤੇ ਭੇਜਿਆ ਜਾਂਦਾ ਹੈ। ਇਸ ਵਿੱਚ ਐਡਵਾਂਸ ਸਰਵੇਲਾਂਸ ਰਾਡਾਰ, ਇਲੈਕਟ੍ਰੌਨਿਕ ਸੈਂਸਰ ਤੇ ਨੈੱਟਵਰਕਿੰਗ ਜਿਹੀਆਂ ਕਈ ਸ਼ਾਨਦਾਰ ਖ਼ਾਸੀਅਤਾਂ ਮੌਜੂਦ ਹਨ। ਇਨ੍ਹਾਂ ਖ਼ਾਸੀਅਤਾਂ ਦੇ ਦਮ ਉੱਤੇ ਹੀ ਇਹ ਹਵਾਈ ਜਹਾਜ਼ ਭਾਰਤੀ ਸਮੁੰਦਰੀ ਕੰਢਿਆਂ ਦੀ ਨਿਗਰਾਨੀ ਰੱਖੇਗਾ।
ਸਬ–ਲੈਫ਼ਟੀਨੈਂਟ ਸ਼ਿਵਾਂਗੀ ਬਿਹਾਰ ਦੇ ਮੁਜ਼ੱਫ਼ਰਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਮੁਜ਼ੱਫ਼ਰਪੁਰ ਦੇ ਹੀ DAV ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ। 27 NOC ਕੋਰਸ ਅਧੀਨ ਉਨ੍ਹਾਂ ASC (ਪਾਇਲਟ) ਪ੍ਰੀਖਿਆ ਪਾਸ ਕੀਤੀ ਤੇ ਨੇਵੀ ਵਿੱਚ ਕਮਿਸ਼ਨ ਹੋਏ ਸਨ। ਸ਼ੁਰੂਆਤੀ ਟ੍ਰੇਨਿੰਗ ਤੋਂ ਬਾਅਦ ਸ਼ਿਵਾਂਗੀ ਨੇ ਜੂਨ 2018 ’ਚ ਹੀ ਨੇਵੀ ਜੁਆਇਨ ਕੀਤੀ ਹੈ।
ਸਮੁੰਦਰੀ ਫ਼ੌਜ ਤੋਂ ਪਹਿਲਾਂ ਹਵਾਈ ਫ਼ੌਜ ’ਚ ਵੀ ਲੇਡੀ ਪਾਇਲਟ ਨੇ ਜੰਗੀ ਹਵਾਈ ਜਹਾਜ਼ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਵਰ੍ਹੇ ਫ਼ਲਾਈਟ ਲੈਫ਼ਟੀਨੈਂਟ ਭਾਵਨਾ ਕਾਂਤ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਮਹਿਲਾ ਪਾਇਲਟ ਬਣੇ ਸਨ, ਜਿਨ੍ਹਾਂ ਨੇ ਜੰਗੀ ਹਵਾਈ ਜਹਾਜ਼ ਉਡਾਉਣ ਲਈ ਕੁਆਲੀਫ਼ਾਈ ਕੀਤਾ ਸੀ।
ਉਨ੍ਹਾਂ ਮਿੱਗ–21 ਹਵਾਈ ਜਹਾਜ਼ ਉਡਾ ਕੇ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ 2016 ’ਚ ਭਾਵਨਾ ਕਾਂਤ, ਅਵਨੀ ਚਤੁਰਵੇਦੀ ਤੇ ਮੋਹਾਨਾ ਸਿੰਘ ਭਾਰਤੀ ਹਵਾਈ ਫ਼ੌਜ ਵਿੱਚ ਪਾਇਲਟ ਵਜੋਂ ਨਿਯੁਕਤ ਹੋਏ ਸਨ।