ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਸਫ਼ਲਤਾ ਦੀ ਹਾਲ ਹੀ ਵਿੱਚ ਕਾਮਨਵੈਲਥ ਦੀ ਸਕੱਤਰ ਜਨਰਲ ਸੁਸ਼੍ਰੀ ਪੈਟ੍ਰੀਸ਼ਿਆ ਸਕਾਟਲੈਂਡ (Ms. Patricia Scotland) ਨੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਭਾਰਤ ਦੁਆਰਾ ਡਿਜੀਟਲ ਟੈਕਨੋਲੋਜੀ ਜ਼ਰੀਏ ਆਮ ਲੋਕਾਂ ਦੇ ਜੀਵਨ ਵਿੱਚ ਲਿਆਂਦੇ ਸੁਧਾਰਾਂ ਨੂੰ ਗ਼ਰੀਬ ਅਤੇ ਵਿਕਾਸ਼ਸੀਲ ਦੇਸ਼ਾਂ ਲਈ ਆਸ ਅਤੇ ਉਮੀਦ ਦੀ ਨਵੀਂ ਕਿਰਨ ਦੱਸਿਆ ਹੈ।
ਇੱਕ ਨਿਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਾਮਨਵੈਲਥ ਦੀ ਸਕੱਤਰ ਜਨਰਲ ਸ੍ਰੀਮਤੀ ਪੈਟ੍ਰੀਸ਼ਿਆ ਸਕਾਟਲੈਂਡ (Ms. Patricia Scotland) ਨੇ ਦੱਸਿਆ ਕਿ ਜਿਸ ਤਰ੍ਹਾਂ ਭਾਰਤ ਨੇ ਡਿਜੀਟਲ ਇੰਡੀਆ ਜ਼ਰੀਏ ਜਨਤਾ ਦੀ ਆਕਾਂਖਿਆਵਾਂ ਨੂੰ ਟੈਕਨੋਲੋਜੀ ਦੇ ਨਵੇਂ ਪ੍ਰਯੋਗਾਂ ਦੁਆਰਾ ਨਵੇਂ ਅਵਸਰ ਸਿਰਜ ਕੇ ਅਤੇ ਡਿਜੀਟਲ ਸੇਵਾਵਾਂ ਨੂੰ ਘੱਟ ਕੀਮਤ ਵਿੱਚ ਲੋਕਾਂ ਤੱਕ ਪਹੁੰਚਾ ਕੇ ਸਫ਼ਲਤਾ ਪ੍ਰਾਪਤ ਕੀਤੀ ਹੈ ਉਹ ਗ਼ਰੀਬ ਅਤੇ ਵਿਕਾਸ਼ਸੀਲ ਦੇਸ਼ਾਂ ਲਈ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਹੈ।
ਉਨ੍ਹਾਂ ਕਿਹਾ, "ਜੇਕਰ ਤੁਸੀਂ ਦੇਖੋ ਤਾਂ ਸਾਡੇ ਗ਼ਰੀਬ ਦੇਸ਼, ਸਾਡੇ ਛੋਟੇ ਦੇਸ਼ ਅਤੇ ਸਾਡੇ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਦੀ ਸਫ਼ਲਤਾ ਨੂੰ ਆਸ਼ਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਲੇਕਿਨ ਇਨ੍ਹਾਂ ਸਫ਼ਲਤਾਵਾਂ ਨੂੰ ਆਪਣੇ ਦੇਸ਼ਾਂ ਵਿੱਚ ਅਨੁਸਰਣ ਕਰਨ ਤੋਂ ਡਰਦੇ ਹਨ ਕਿਉਂਕਿ ਇਨ੍ਹਾਂ ਦੀ ਕੀਮਤ ਬਹੁਤ ਅਧਿਕ ਹੁੰਦੀ ਹੈ। ਲੇਕਿਨ ਜਦੋਂ ਉਹ ਭਾਰਤ ਵੱਲ ਦੇਖਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਭਾਰਤ ਨੇ ਇਨ੍ਹਾਂ ਸਫ਼ਲਤਾਵਾਂ ਨੂੰ ਘੱਟ ਕੀਮਤ ਵਾਲੀ ਟੈਕਨੋਲੋਜੀ ਨਾਲ ਹਾਸਲ ਕੀਤਾ ਹੈ ਤਾਂ ਉਨ੍ਹਾਂ ਨੂੰ ਵੱਡੀ ਉਮੀਦ ਦਿਖਾਈ ਦਿੰਦੀ ਹੈ। ਇਹ ਆਸ਼ਾ ਦਾ ਸੰਚਾਰ ਕਰਦਾ ਹੈ।"
ਉਨ੍ਹਾਂ ਦੱਸਿਆ ਕਿ ਜਨਵਰੀ 2020 ਵਿੱਚ ਆਪਣੇ ਭਾਰਤ ਦੌਰੇ ਸਮੇਂ ਉਨ੍ਹਾਂ ਨੇ ਭਾਰਤ ਸਰਕਾਰ ਦੇ ਮੰਤਰੀਆਂ ਅਤੇ ਟੈਕਨੋਲੋਜੀ ਨਾਲ ਜੁੜੇ ਮਾਹਿਰਾਂ ਨਾਲ ਗੱਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਭਾਰਤ ਗ਼ਰੀਬ ਅਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਕਰਨ ਲਈ ਕਈ ਯਤਨ ਕਰ ਰਿਹਾ ਹੈ। ਉਨ੍ਹਾਂ ਦੱਸਿਆ,"ਮੈਂ ਇਨ੍ਹਾਂ ਸਾਰੇ ਯਤਨਾਂ ਦਾ ਸੁਆਗਤ ਕਰਦੀ ਹਾਂ।"
ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਰਵੀ ਸ਼ੰਕਰ ਪ੍ਰਸਾਦ ਦੇ ਡਿਜੀਟਲ ਇੰਡੀਆ ਨੂੰ ਸਫਲ ਬਣਾਉਣ ਵਿੱਚ ਦਿੱਤੇ ਗਏ ਯੋਗਦਾਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਇਸ ਵਿੱਚ ਸ਼੍ਰੀ ਪ੍ਰਸਾਦ ਦੀ ਮੋਹਰੀ ਭੂਮਿਕਾ ਰਹੀ ਹੈ। ਉਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਪ੍ਰਸਾਦ ਦੇ ਯਤਨਾਂ ਨੇ ਕਾਮਨਵੈਲਥ ਦੇ ਦੇਸ਼ਾਂ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ।