ਅਗਲੀ ਕਹਾਣੀ

ਸੱਤਾ `ਚ ਆਏ ਤਾਂ ਆਤਮਘਾਤੀ ਕਦਮ ਨੋਟਬੰਦੀ ਦੀ ਜਾਂਚ ਕਰਾਵਾਂਗੇ: ਕਾਂਗਰਸੀ ਆਗੂ

ਸੱਤਾ `ਚ ਆਏ ਤਾਂ ਆਤਮਘਾਤੀ ਕਦਮ ਨੋਟਬੰਦੀ ਦੀ ਜਾਂਚ ਕਰਾਵਾਂਗੇ: ਕਾਂਗਰਸੀ ਆਗੂ

ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਕਾਰਕੁੰਨਾਂ ਨੇ ਨੋਟਬੰਦੀ ਦੇ ਦੋ ਸਾਲ ਮੁਕੰਮਲ ਹੋਣ ਮੌਕੇ ਨਰਿੰਦਰ ਮੋਦੀ ਸਰਕਾਰ ਦੇ ਇਸ ਕਦਮ ਖਿ਼ਲਾਫ਼ ਸ਼ੁੱਕਰਵਾਰ ਨੂੰ ਪੂਰੇ ਦੇਸ਼ `ਚ ਰੋਸ ਮੁਜ਼ਾਹਰੇ ਕੀਤੇ ਅਤੇ ਕਿਹਾ ਕਿ ਸਾਲ 2019 `ਚ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ, ਤਾਂ ‘‘ਇਸ ਘੁਟਾਲ਼ੇ ਦੀ ਜਾਂਚ ਕਰਵਾਈ ਜਾਵੇਗੀ।``


ਕਾਂਗਰਸ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਪਤਾ ਕਰਨ ਲਈ ਵ੍ਹਾਈਟ-ਪੇਪਰ ਲਿਆਉਣਾ ਚਾਹੀਦਾ ਹੈ ਕਿ ਨੋਟਬੰਦੀ ਨਾਲ ਕੀ ਫ਼ਾਇਦਾ ਤੇ ਨੁਕਸਾਨ ਹੋਇਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭੋਪਾਲ `ਚ ਕਿਹਾ ਕਿ ਦੋ ਵਰ੍ਹੇ ਪਹਿਲਾਂ 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੋਟਬੰਦੀ ਨੂੰ ਆਰਥਿਕ ਇਨਕਲਾਬ ਦਾ ਨਵਾਂ ਫ਼ਾਰਮੂਲਾ ਦੱਸਦਿਆਂ ਆਖਿਆ ਸੀ ਕਿ ਇਸ ਨਾਲ ਸਾਰਾ ਕਾਲ਼ਾ ਧਨ ਫੜਿਆ ਜਾਵੇਗਾ, ਫ਼ਰਜ਼ੀ ਨੋਟ ਫੜੇ ਜਾਣਗੇ ਅਤੇ ਅੱਤਵਾਦ ਤੇ ਨਕਸਲਵਾਦ ਦੇਸ਼ `ਚੋਂ ਖ਼ਤਮ ਹੋ ਜਾਵੇਗਾ।


ਸ੍ਰੀ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਨਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਆਇਆ, ਨਾ ਫ਼ਰਜ਼ੀ ਨੋਟ ਫੜੇ ਗਏ ਅਤੇ ਨਾ ਹੀ ਅੱਤਵਾਦ ਅਤੇ ਨਕਸਲਵਾਦ ਖ਼ਤਮ ਹੋਇਆ, ਸਗੋਂ ਹੋਰ ਵੀ ਵਧ ਗਿਆ।


ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਅਤੇ ਕਈ ਹੋਰ ਸੀਨੀਅਰ ਪਾਰਟੀ ਆਗੂਆਂ ਨੇ ਦਿੱਲੀ `ਚ ਭਾਰਤੀ ਰਿਜ਼ਰਵ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ `ਚ ਲੈ ਲਿਆ।


ਸ੍ਰੀ ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 50 ਦਿਨ ਮੰਗੇ ਸਨ ਤੇ ਕਿਹਾ ਸੀ ਕਿ ਅੰਤਵਾਦ ਤੇ ਨਕਸਲਵਾਦ ਖ਼ਤਮ ਹੋ ਜਾਵੇਗਾ ਅਤੇ ਕਾਲਾ ਧਨ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੂੰ ਆਪਣੀ ਨੋਟਬੰਦੀ ਦੀ ਗ਼ਲਤੀ ਲਈ ਹੁਣ ਪੂਰੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।


ਕਾਂਗਰਸ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਵੀ ਵੱਡੇ ਪੱਧਰ `ਤੇ ਪ੍ਰਦਰਸ਼ਨ ਕੀਤੇ। ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਨੇ ਅੱਜ ਜੰਮੂ `ਚ ਭਾਰਾਤੀ ਰਿਜ਼ਰਵ ਬੈਂਕ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਰਾਸ਼ਟਰੀ ਸਕੱਤਰ ਸੁਧੀਰ ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਕਾਰਕੁੰਨਾਂ ਨੇ ਸੜਕ ਜਾਮ ਕੀਤੀ ਤੇ ਮੋਦੀ ਸਰਕਾਰ ਖਿ਼ਲਾਫ਼ ਨਾਅਰੇਬਾਜ਼ੀ ਕੀਤੀ।


ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਕਦਮ ਖ਼ੁਦ ਪੈਦਾ ਕੀਤੀ ਗਈ ਤ੍ਰਾਸਦੀ ਤੇ ਆਤਮਘਾਤੀ ਹਮਲਾ ਸੀ, ਜਿਸ ਨਾਲ ਪ੍ਰਧਾਨ ਮੰਤਰੀ ਦੇ ਸੂਟ-ਬੂਟ ਵਾਲੇ ਮਿੱਤਰਾਂ ਨੇ ਆਪਣੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਕੰਮ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicidal Demonetisation shall be probed