ਪੱਤਰਕਾਰ ਛਤਰਪਤੀ ਹੱਤਿਆ ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਰਾਮ ਰਹੀਮ ਦੀ ਮਾਂ ਨੇ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਉਸ ਦੀ ਪੈਰੋਲ ਲਈ ਅਰਜ਼ੀ ਦਿੱਤੀ ਸੀ, ਪਰ ਜੇਲ ਪ੍ਰਸ਼ਾਸਨ ਨੇ ਪੈਰੋਲ 'ਤੇ ਜੇਲ ਤੋਂ ਬਾਹਰ ਆਉਣ ਦੇ ਸੁਪਨੇ ਨੂੰ ਤੋੜਦਿਆਂ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਰਾਮ ਰਹੀਮ 3 ਹਫ਼ਤਿਆਂ ਲਈ ਪੈਰੋਲ ਲੈਣਾ ਚਾਹੁੰਦਾ ਸੀ। ਰਾਮ ਰਹੀਮ ਦੀ ਮਾਂ ਨਸੀਬ ਕੌਰ ਵੱਲੋਂ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਅਰਜ਼ੀ 'ਚ ਆਪਣੀ ਬੀਮਾਰੀ ਦਾ ਹਵਾਲਾ ਦੇ ਕੇ ਇੱਕ ਹਫ਼ਤਾ ਪਹਿਲਾਂ ਪੈਰੋਲ ਦੀ ਚਿੱਠੀ ਭੇਜੀ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਈ ਵਾਰ ਪੈਰੋਲ ਦੀ ਕੋਸ਼ਿਸ਼ ਕਰ ਚੁੱਕਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਹਰਿਆਣਾ ਸਰਕਾਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾਅ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਮ ਰਹੀਮ ਨੂੰ ਅਜਿਹੇ ਮਾਹੌਲ 'ਚ ਪੈਰੋਲ 'ਤੇ ਛੱਡ ਦਿੱਤਾ ਗਿਆ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ।
ਦੱਸ ਦਈਏ ਕਿ ਸਾਧਵੀਆਂ ਨਾਲ ਬਲਾਤਕਾਰ ਤੇ ਪੱਤਰਕਾਰ ਹੱਤਿਆ ਦੇ ਮਾਮਲੇ 'ਚ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ ਪੁਲਿਸ ਨੇ 25 ਅਗੱਸਤ 2017 ਨੂੰ ਗ੍ਰਿਫ਼ਤਾਰ ਕੀਤਾ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸੁਨਾਰੀਆ ਜੇਲ ਨੂੰ ਉੱਚ ਸਿਕਿਓਰਿਟੀ ਜ਼ੋਨ 'ਚ ਤਬਦੀਲ ਕਰ ਦਿੱਤਾ ਗਿਆ ਸੀ। ਜੇਲ ਦੀ ਸੁਰੱਖਿਆ 'ਚ ਪੈਰਾ-ਮਿਲਟਰੀ ਨੂੰ ਵੀ ਤਾਇਨਾਤ ਕੀਤਾ ਗਿਆ ਸੀ।
ਰਾਮ ਰਹੀਮ ਵੱਲੋਂ ਕਈ ਵਾਰ ਪੈਰੋਲ ਤੇ ਜ਼ਮਾਨਤ ਦੀ ਅਪੀਲ ਕੀਤੀ ਗਈ ਹੈ ਪਰ ਹਰ ਵਾਰ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ। ਫਿਰ ਭਾਵੇਂ ਉਹ ਖੇਤੀ ਲਈ ਮੰਗੀ ਗਈ ਪੈਰੋਲ ਹੋਵੇ ਜਾਂ ਬੇਟੀ ਨੂੰ ਵਿਆਹ 'ਚ ਸ਼ਾਮਲ ਹੋਣ ਦੀ ਅਪੀਲ।