ਭਾਰਤੀ ਜਨਤਾ ਪਾਰਟੀ ਦੇ ਸਾਬਕਾ ਆਗੂ ਸ੍ਰੀ ਯਸ਼ਵੰਤ ਸਿਨਹਾ ਨੇ ਅਯੁੱਧਿਆ ਮੁੱਦੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ ਪਰ ਨਾਲ ਹੀ ਮੁਸਲਿਮ ਭਾਈਚਾਰੇ ਨੂੰ ਇਹ ਫ਼ੈਸਲਾ ਮੰਨ ਲੈਣ ਲਈ ਵੀ ਕਿਹਾ ਹੈ।
ਮੁੰਬਹੀ ਸਾਹਿਤ ਮਹੋਤਸਵ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਗ਼ਲਤ ਹੈ; ਉਸ ਵਿੱਚ ਕਈ ਖ਼ਾਮੀਆਂ ਹਨ ਪਰ ਉਹ ਫਿਰ ਵੀ ਮੁਸਲਿਮ ਭਾਈਚਾਰੇ ਨੂੰ ਇਹ ਫ਼ੈਸਲਾ ਪ੍ਰਵਾਨ ਕਰਨ ਲਈ ਆਖਣਗੇ।
ਸ੍ਰੀ ਸਿਨਹਾ ਨੇ ਕਿਹਾ ਕਿ ਚਲੋ, ਹੁਣ ਅੱਗੇ ਵਧੀਏ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੋਈ ਫ਼ੈਸਲਾ ਨਹੀਂ ਹੈ। ਇਸ ਦੌਰਾਨ ਸ੍ਰੀ ਸਿਨਹਾ ਨੇ ਇਹ ਵੀ ਦਾਅਵਾ ਕੀਤਾ ਕਿ ਲਾਲ ਕ੍ਰਿਸ਼ਨ ਅਡਵਾਨੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੂੰ ਪਹਿਲਾਂ–ਪਹਿਲ ਤਾਂ ਬਾਬਰੀ ਮਸਜਿਦ ਦੇ ਢਹਿਣ ਨੂੰ ਲੈ ਕੇ ਪਛਤਾਵਾ ਹੁੰਦਾ ਸੀ ਪਰ ਬਾਅਦ ’ਚ ਉਹ ਰਾਮ ਮੰਦਰ ਅੰਦੋਲਨ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲੱਗੇ।
ਇੱਥੇ ਵਰਨਣਯੋਗ ਹੈ ਕਿ ਅਯੁੱਧਿਆ ’ਚ ਰਾਮ ਜਨਮਭੂਮੀ–ਬਾਬਰੀ ਮਸਜਿਦ ਵਿਵਾਦ ਮਾਮਲੇ ’ਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਅਯੁੱਧਿਆ ਦੇ ਵਿਵਾਦਗ੍ਰਸਤ ਢਾਂਚੇ ਵਾਲੀ ਜ਼ਮੀਨ ’ਤੇ ਮੰਦਰ ਬਣੇਗਾ।
ਇਸ ਦੇ ਬਦਲੇ ਮਸਜਿਦ ਲਈ ਮੁਸਲਮਾਨਾਂ ਨੂੰ ਸਰਕਾਰ ਪੰਜ ਏਕੜ ਜ਼ਮੀਨ ਵਾਜਬ ਸਥਾਨ ਉੱਤੇ ਦੇਵੇਗੀ।