ਸੁਪਰੀਮ ਕੋਰਟ ਅਯੁੱਧਿਆ ਦੇ ਰਾਮ ਜਨਮ ਭੂਮੀ–ਬਾਬਰੀ ਮਸਜਿਦ ਭੂਮੀ ਵਿਵਾਦ ਉਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਦੀ ਵੈਬਸਾਈਟ ਉਤੇ ਜਾਰੀ ਨੋਟਿਸ ਅਨੁਸਾਰ ਮੁੱਖ ਜੱਜ ਰੰਜਨ ਗੋਗੋਈ, ਜੱਜ ਐਸ ਏ ਬੋਬੜੇ, ਜੱਜ ਧਨਜ ਵਾਈ ਚੰਦਰਚੂਡ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐਸ ਅਬਦੁਲ ਨਜੀਰ ਦਾ ਪੰਜ ਮੈਂਬਰੀ ਸੰਵਿਧਾਨ ਬੈਂਚ ਇਸ ਮਾਮਲੇ ਉਤੇ ਸੁਣਵਾਈ ਕਰੇਗਾ।
ਇਸ ਵਿਵਾਦ ਦਾ ਹੱਲ ਕੱਢਣ ਦੀ ਸੰਭਾਵਨਾ ਲੱਭਣ ਲਈ ਸਰਵ ਉਚ ਅਦਾਲਤ ਦੇ ਸਾਬਕਾ ਜੱਜ ਐਫ ਐਮ ਕਲੀਫੁਲਾ ਦੀ ਪ੍ਰਧਾਨਗੀ ਵਿਚ ਤਿੰਨ ਮੈ਼ਬਰੀ ਵਿਚੋਲਗੀ ਕਮੇਟੀ ਦੇ ਗਠਨ ਦੇ ਛੇ ਮਾਰਚ ਦੇ ਆਦੇਸ਼ ਦੇ ਬਾਅਦ ਪਹਿਲੀ ਵਾਰ ਇਸ ਮਾਮਲੇ ਵਿਚ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਇਸ ਕਮੇਟੀ ਦੇ ਹੋਰ ਮੈਂਬਰਾਂ ਵਿਚ ਅਧਿਆਤਮਿਕ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਸੰਥਾਪਕ ਸ੍ਰੀ ਸ੍ਰੀ ਰਵਿਸ਼ੰਕਰ ਅਤੇ ਸੀਨੀਅਰ ਵਕੀਲ ਸ੍ਰੀਰਾਮ ਪੰਚੂ ਸ਼ਾਮਲ ਸਨ।