ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ–ਕਤਲ ਕਾਂਡ ਦੇ ਦੋਸ਼ੀ ਨੂੰ ਅੱਜ ਸੁਣੇਗੀ ਸੁਪਰੀਮ ਕੋਰਟ

ਦਿੱਲੀ ਗੈਂਗਰੇਪ–ਕਤਲ ਕਾਂਡ ਦੇ ਦੋਸ਼ੀ ਨੂੰ ਅੱਜ ਸੁਣੇਗੀ ਸੁਪਰੀਮ ਕੋਰਟ

7 ਸਾਲ ਪੁਰਾਣੇ ਦਿੱਲੀ ਸਮੂਹਕ ਬਲਾਤਕਾਰ (ਗੈਂਗਰੇਪ) ਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ ਅਕਸ਼ੇ ਠਾਕੁਰ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਪਰੀਮ ਕੋਰਟ ਅੱਜ ਬੁੱਧਵਾਰ ਨੂੰ ਸੁਣਵਾਈ ਕਰੇਗਾ। ਚੀਫ਼ ਜਸਟਿਸ ਐੱਸਏ ਬੋਬੜੇ ਨੇ ਕੱਲ੍ਹ ਆਖਿਆ ਸੀ ਕਿ ਨਵਾਂ ਸੰਵਿਧਾਨਕ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ।

 

 

ਇਸ ਦੌਰਾਨ ਦੋਸ਼ੀ ਅਕਸ਼ੇ ਦੇ ਵਕੀਲ ਨੇ ਕਿਹਾ ਸੀ ਕਿ ਇਹ ਮਾਮਲਾ ਸਿਆਸਤ ਤੇ ਮੀਡੀਆ ਦੇ ਦਬਾਅ ਤੋਂ ਪ੍ਰਭਾਵਿਤ ਰਿਹਾ ਹੈ ਤੇ ਦੋਸ਼ੀ ਨਾਲ ਬਹੁਤ ਜ਼ਿਆਦਾ ਬੇਇਨਸਾਫ਼ੀ ਹੋ ਚੁੱਕੀ ਹੈ।

 

 

ਇਸ ਦੋਸ਼ੀ ਨੇ ਇਸ ਮਾਮਲੇ ਵਿੱਚ ਆਪਣੀ ਮੌਤ ਦੀ ਸਜ਼ਾ ਨੂੰ ਕਾਇਮ ਰੱਖਣ ਦੇ ਸੁਪਰੀਮ ਕੋਰਟ ਦੇ 2017 ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

 

 

ਵਕੀਲ ਨੇ ਇਹ ਦਲੀਲ ਦਿੰਦਿਆਂ ਰਹਿਮ ਦੀ ਮੰਗ ਕੀਤੀ ਹੈ ਕਿ ਦਿੱਲੀ ’ਚ ਵਧਦੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਉਂਝ ਵੀ ਉਮਰ ਛੋਟੀ ਹੁੰਦੀ ਜਾ ਰਹੀ ਹੈ।

 

 

ਇਹ ਬੈਂਚ ਦਿੱਲੀ ਸਮੂਹਕ ਬਲਾਤਕਾਰ (ਗੈਂਗਰੇਪ) ਦੀ ਪੀੜਤ ਲੜਕੀ ਦੀ ਮਾਂ ਦੇ ਵਕੀਲ ਦਾ ਪੱਖ ਵੀ ਸੁਣੇਗੀ। ਉਸ ਪੀੜਤ ਮਰਹੂਮ ਕੁੜੀ ਨੂੰ ਜ਼ਿਆਦਾਤਰ ਭਾਰਤੀ ਮੀਡੀਆ ਨਿਰਭਯਾ ਆਖਦਾ ਹੈ। ਮਾਂ ਨੇ ਅਕਸ਼ੇ ਦੀ ਇਸ ਅਰਜ਼ੀ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।

 

 

ਪਿਛਲੇ ਵਰ੍ਹੇ 9 ਜੁਲਾਈ ਨੂੰ ਸੁਪਰੀਮ ਕੋਰਟ ਨੇ ਤਿੰਨ ਹੋਰ ਦੋਸ਼ੀਆਂ ਮੁਕੇਸ਼ (30), ਪਵਨ ਗੁਪਤਾ (23) ਅਤੇ ਵਿਨੇ ਸ਼ਰਮਾ (24) ਦੀਆਂ ਨਜ਼ਰਸਾਨੀ ਪਟੀਸ਼ਨਾਂ ਇਹ ਆਖਦਿਆਂ ਰੱਦ ਕਰ ਦਿੱਤੀਆਂ ਸਨ ਕਿ 2017 ਦੇ ਫ਼ੈਸਲੇ ਦੀ ਸਮੀਖਿਆ ਲਈ ਕੋਈ ਆਧਾਰ ਨਹੀਂ ਬਣਾਇਆ ਗਿਆ ਹੈ।

 

 

16 ਦਸੰਬਰ, 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ, 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

 

 

ਇਸ ਮਾਮਲੇ ਦੇ ਇੱਕ ਹੋਰ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਹਾਲੇ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court to hear Delhi Gang Rape and Murder case convict today