ਸੁਪਰੀਮ ਕੋਰਟ (SC) ਦਾ ਛੇ ਜੱਜਾਂ ਵਾਲਾ ਬੈਂਚ ਅੱਜ 16 ਮਾਰਚ ਨੂੰ ਸਿਰਫ਼ 12 ਅਹਿਮ ਮਾਮਲਿਆਂ ਦੀ ਹੀ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਸਨਿੱਚਰਵਾਰ ਨੂੰ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਫੈਲਦੇ ਪ੍ਰਭਾਵ ਨੂੰ ਧਿਆਨ ’ਚ ਰੱਖ ਕੇ ਲਿਆ ਸੀ। ਨਾਲ ਹੀ ਮੁਲਾਜ਼ਮਾਂ ਨੂੰ ਲੋੜੀਂਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਸਨ।
ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ਸਾਹਮਣੇ ਰੱਖੇ ਜਾਣ ਵਾਲੇ ਅਹਿਮ ਮਾਮਲਿਆਂ ’ਚ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ (ਨਿਰਭਯਾ) ਕਾਂਡ ਦੇ ਦੋਸ਼ੀ ਮੁਕੇਸ਼ ਸਿੰਘ ਦੀ ਪਟੀਸ਼ਨ ਦੇ ਨਾਲ ਹੀ 2018 ਦੀ ਭੀਮਾ ਕੋਰੇਗਾਓਂ ਹਿੰਸਾ ਦੇ ਮੁਲਜ਼ਮ ਗੌਤਮ ਨਵਲਖਾ ਤੇ ਆਨੰਦ ਤੇਲਤੁੰਬੇ ਦੀ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਵੀ ਸ਼ਾਮਲ ਹਨ।
ਨਿਰਭਯਾ ਮਾਮਲੇ ’ਚ ਫਾਂਸੀ ਦੀ ਸਜ਼ਾ–ਯਾਫ਼ਤਾ ਚਾਰ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਨੇ ਆਪਣੇ ਵਕੀਲ ਉੱਤੇ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸਜ਼ਾ ਟਾਲਣ ਦੇ ਕਾਨੂੰਨੀ ਵਿਕਲਪ ਵਰਤਣ ਦਾ ਦੋਬਾਰਾ ਮੌਕਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।
ਚਾਰੇ ਦੋਸ਼ੀਆਂ ਨੂੰ ਆਉਂਦੀ 20 ਮਾਰਚ ਨੂੰ ਸਵੇਰੇ 5:30 ਵਜੇ ਫਾਂਸੀ ਦਿੱਤੀ ਜਾਣੀ ਹੈ।
ਉੱਧਰ ਨਵਲਖਾ ਤੇ ਤੇਲਤੁੰਬੇ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ 6 ਮਾਰਚ ਨੂੰ ਦੋਵਾਂ ਦੀ ਗ੍ਰਿਫ਼ਤਾਰੀ ਉੱਤੇ ਲੱਗੀ ਰੋਕ 16 ਮਾਰਚ ਤੱਕ ਵਧਾ ਦਿੱਤੀ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੁੰ ਸੁਪਰੀਮ ਕੋਰਟ ਨੇ ਚੀਫ਼ ਜਸਟਿਸ ਦੀ ਰਿਹਾਇਸ਼ਗਾਹ ਉੱਤੇ ਹੰਗਾਮੀ ਹਾਲਾਤ ਤੋਂ ਬਾਅਦ ਫ਼ੈਸਲਾ ਲਿਆ ਸੀ ਕਿ ਸੋਮਵਾਰ ਤੋਂ ਉਸ ਦੇ 15 ਦੀ ਥਾਂ ਛੇ ਬੈਂਚ ਹੀ ਸੁਣਵਾਈ ਕਰਨਗੇ। ਇਨ੍ਹਾਂ ਬੈਂਚਾਂ ਸਾਹਵੇਂ ਵੀ ਸਿਰਫ਼ ਅਹਿਮ ਤੇ ਤੁਰੰਤ ਸੁਣਵਾਈ ਯੋਗ ਮਾਮਲੇ ਹੀ ਰੱਖੇ ਜਾਣਗੇ।
ਇਸ ਦੇ ਨਾਲ ਹੀ ਸੁਣਵਾਈ ਦੌਰਾਨ ਸਬੰਧਤ ਵਕੀਲਾਂ ਤੋਂ ਇਲਾਵਾ ਹੋਰ ਸਭਨਾਂ ਦੇ ਅਦਾਲਤੀ ਕਮਰੇ ’ਚ ਘੁਸਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ।