ਕਰਨਾਲ ਤੋਂ ਲੜੀ ਸੀ 3 ਵਾਰ ਚੋਣ
ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਅੱਜ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ (BJP HQ) ਲਿਜਾਂਦੀ ਗਈ। ਉੱਥੇ ਸ੍ਰੀਮਤੀ ਸਵਰਾਜ ਨੂੰ ਹਜ਼ਾਰਾਂ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਸ੍ਰੀਮਤੀ ਸੁਸ਼ਮਾ ਸਵਰਾਜ ਦੀ ਕਰਨਾਲ ਦੀ ਜਨਤਾ ਪ੍ਰਤੀ ਖ਼ਾਸ ਖਿੱਚ ਸੀ। ਇਸੇ ਖਿੱਚ ਕਾਰਨ ਉਨ੍ਹਾਂ ਲਗਾਤਾਰ ਤਿੰਨ ਵਾਰ ਕਰਨਾਲ ਸੰਸਦੀ ਹਲਕੇ ਤੋਂ ਚੋਣ ਲੜੀ ਸੀ। ਪਰ ਤਿੰਨੇਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
1980 ਦੇ ਦਹਾਕੇ ਦੌਰਾਨ ਕਰਨਾਲ ਅਸਲ ਵਿੱਚ ਕਾਂਗਰਸ ਪਾਰਟੀ ਦਾ ਇੱਕ ਮਜ਼ਬੂਤ ਗੜ੍ਹ ਸੀ। ਉਸ ਵੇਲੇ ਸਾਲ 1980, 1984 ਅਤੇ 1989 ’ਚ ਭਾਜਪਾ ਨੇ ਇਸ ਹਲਕੇ ਤੋਂ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਚੋਣ–ਮੈਦਾਨ ’ਚ ਉਤਾਰਿਆ ਸੀ।
ਤਿੰਨੇ ਵਾਰ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਸਾਹਮਣਾ ਕਾਂਗਰਸ ਦੇ ਉਮੀਦਵਾਰ ਪੰਡਤ ਚਿਰੰਜੀ ਲਾਲ ਸ਼ਰਮਾ ਨਾਲ ਹੋਇਆ ਪਰ ਸ੍ਰੀਮਤੀ ਸਵਰਾਜ ਉਨ੍ਹਾਂ ਤੋਂ ਕਦੇ ਵੀ ਜਿੱਤ ਨਹੀਂ ਸਕੇ। ਫਿਰ ਵੀ ਸ੍ਰੀਮਤੀ ਸੁਸ਼ਮਾ ਨੇ ਆਪਣੀ ਪਾਰਟੀ ਕਾਡਰ ਨੂੰ ਕਰਨਾਲ ਹਲਕੇ ਵਿੱਚ ਜਿਸ ਤਰੀਕੇ ਮਜ਼ਬੂਤੀ ਪ੍ਰਦਾਨ ਕੀਤੀ ਸੀ; ਉਹ ਆਪਣੇ ਆਪ ਵਿੱਚ ਵਰਨਣਯੋਗ ਹੈ।
ਹੁਣ ਵੀ ਜਦੋਂ ਸ੍ਰੀਮਤੀ ਸੁਸ਼ਮਾ ਸਵਰਾਜ ਕਦੇ ਕਰਨਾਲ ਜਾਂਦੇ ਸਨ; ਤਦ ਉੱਥੋਂ ਦੀ ਜਨਤਾ ਬਹੁਤ ਖ਼ੁਸ਼ ਹੁੰਦੀ ਸੀ।