ਕੇਂਦਰੀ ਮੰਤਰੀ ਓਮਾ ਭਾਰਤੀ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਸਥਾਨ 'ਤੇ ਇੱਕ ਮਸਜਿਦ ਬਣਾਉਣ ਦਾ ਵਿਚਾਰ ਹਿੰਦੂਆਂ ਨੂੰ ਭੜਕਾ ਸਕਦਾ ਹੈ। ਉਨ੍ਹਾਂ ਨੇ ਅਯੁੱਧਿਆ ਵਿੱਚ ਮੰਦਰ ਦੀ ਨੀਂਹ ਪੱਥਰ ਰੱਖਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ। ਉਮਾ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ "ਹਿੰਦੂ ਦੁਨੀਆਂ ਵਿੱਚ ਸਭ ਤੋਂ ਵੱਧ ਸਹਿਣਸ਼ੀਲ ਹਨ। ਮੈਂ ਸਾਰੇ ਸਿਆਸੀ ਆਗੂਆਂ ਨੂੰ ਅਪੀਲ ਕਰਦੀ ਹਾਂ ਕਿ ਅਯੁੱਧਿਆ ਵਿਚ ਰਾਮ ਜਨਮ ਭੂਮੀ ਦੇ ਬਾਹਰਲੇ ਖੇਤਰ ਵਿੱਚ ਇਕ ਮਸਜਿਦ ਬਣਾਉਣ ਬਾਰੇ ਗੱਲ ਕਰਕੇ ਹਿੰਦੂਆਂ ਨੂੰ ਅਸਹਿਣਸ਼ੀਲ ਨਾ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ, ਜਦੋਂ ਪਵਿੱਤਰ ਸ਼ਹਿਰ ਮਦੀਨਾ ਵਿੱਚ ਇੱਕ ਵੀ ਮੰਦਿਰ ਨਹੀਂ ਹੋ ਸਕਦਾ ਜਾਂ ਵੈਟੀਕਨ ਸ਼ਹਿਰ ਵਿੱਚ ਇਕ ਵੀ ਮਸਜਿਦ ਨਹੀਂ ਹੋ ਸਕਦੀ, ਫਿਰ ਅਯੁੱਧਿਆ 'ਚ ਮਸਜਿਦ ਬਣਾਉਣ ਦੀ ਗੱਲ ਕਰਨਾ ਅਣਉਚਿਤ ਹੈ।ਭਾਜਪਾ ਨੇਤਾ ਨੇ ਕਿਹਾ ਕਿ ਅਯੁੱਧਿਆ ਵਿਵਾਦ 'ਤੇ ਵਿਸ਼ਵਾਸ ਦਾ ਨਹੀਂ, ਸਗੋਂ ਇੱਕ ਜ਼ਮੀਨੀ ਝਗੜਾ ਹੈ। ਇਹ ਪੱਕਾ ਹੈ ਕਿ ਅਯੁੱਧਿਆ ਭਗਵਾਨ ਰਾਮ ਦਾ ਜਨਮ ਅਸਥਾਨ ਹੈ।
ਓਮਾ ਨੇ ਇਸ ਮਾਮਲੇ ਨੂੰ ਅਦਾਲਤ ਦੇ ਬਾਹਰ ਹੱਲ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮਰਥਨ ਲਈ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਬਸਪਾ ਨੇਤਾ ਮਾਇਆਵਤੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਸਮੇਤ ਸਾਰੇ ਸਿਆਸੀ ਨੇਤਾਵਾਂ ਨੂੰ ਅਪੀਲ ਕੀਤੀ।
ਭਾਜਪਾ ਨੇਤਾ ਨੇ ਕਿਹਾ ਕਿ ਸਾਨੂੰ ਇਸ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਸਮਰਥਨ ਦੀ ਜ਼ਰੂਰਤ ਹੈ। ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ 'ਤੇ ਭਾਜਪਾ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਕੌਮੀ ਹਿੱਤ ਦਾ ਹੈ। ਉਨ੍ਹਾਂ ਨੂੰ ਇਸ ਮੁੱਦੇ 'ਤੇ ਇਕਜੁਟ ਹੋਣਾ ਹੋਵੇਗਾ। ਮੈਂ ਰਾਹੁਲ ਗਾਂਧੀ ਸਮੇਤ ਸਾਰੇ ਨੇਤਾਵਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਮੇਰੇ ਨਾਲ ਰਾਮ ਮੰਦਰ ਦਾ ਨੀਂਹ-ਪੱਥਰ ਰੱਖਣ ਲਈ ਆਵੇ।