ਤਾਮਿਲ ਨਾਡੂ ਦੀ ਸੱਤਾਧਾਰੀ ਆਲ ਇੰਡੀਆ ਅੰਨਾ ਡੀਐੱਮਕੇ ਤੇ ਮੁੱਖ ਵਿਰੋਧੀ ਧਿਰ ਡੀਐੱਤਕੇ ਨੇ ਪੁੱਦੂਚੇਰੀ ਦੇ ਲੈਫ਼ਟੀਨੈਂਟ ਗਵਰਨਰ ਕਿਰਨ ਬੇਦੀ ਦੀ ਸਖ਼ਤ ਨਿਖੇਧੀ ਕੀਤੀ ਹੈ। ਸ੍ਰੀਮਤੀ ਕਿਰਨ ਬੇਦੀ ਉੱਤੇ ਦੋਸ਼ ਹੈ ਕਿ ਉਨ੍ਹਾਂ ‘ਤਾਮਿਲ ਨਾਡੂ ਦੇ ਲੋਕਾਂ ਨੂੰ ‘ਖ਼ੁਦਗਰਜ਼ ਤੇ ਬੁਜ਼ਦਿਲ’ ਕਿਹਾ ਹੈ।’
ਆਲ ਇੰਡੀਆ ਅੰਨਾ ਡੀਐੱਕੇ ਦੇ ਤਰਜਮਾਨ ਪੀ. ਵਾਲਾਰਮਤੀ ਨੇ ਕਿਹਾ ਕਿ ਸ੍ਰੀਮਤੀ ਬੇਦੀ ਨੂੰ ਇਹ ਪਤਾ ਹੀ ਨਹੀਂ ਹੈ ਕਿ ਕਿਹੜੀ ਗੱਲ ਕਦੋਂ ਤੇ ਕਿਵੇਂ ਕਰਨੀ ਹੈ।
ਸਾਬਕਾ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀਮਤੀ ਕਿਰਨ ਬੇਦੀ ਜਿਹੜੇ ਉੱਚ ਅਹੁਦੇ ਉੱਤੇ ਹਨ, ਉਨ੍ਹਾਂ ਨੂੰ ਉਸ ਪਦ ਉੱਤੇ ਰਹਿ ਕੇ ਅਜਿਹੀਆਂ ਗੱਲਾਂ ਤੇ ਦੁਖਦਾਈ ਟਿੱਪਣੀਆਂ ਕਰਨਾ ਬਿਲਕੁਲ ਵੀ ਸ਼ੋਭਦਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਰਨ ਬੇਦੀ ਨੂੰ ਤਾਂ ਸਗੋਂ ਕਰਨਾਟਕ ਤੋਂ ਕਾਵੇਰੀ ਦਰਿਆ ਦਾ ਪਾਣੀ ਤਾਮਿਲ ਨਾਡੂ ਤੇ ਪੁੱਦੂਚੇਰੀ ਲਈ ਲਿਆਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਿਰਫ਼ ਆਪਣੀ ਡਿਊਟੀ ਵੱਲ ਧਿਆਨ ਦੇਣਾ ਚਾਹੀਦਾ ਹੈ।
ਉੱਧਰ ਡੀਐੱਮਕੇ ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਕਿਹਾ ਹੈ ਕਿ ਸ੍ਰੀਮਤੀ ਕਿਰਨ ਬੇਦੀ ਨੂੰ ਆਪਣੀ ਟਿੱਪਣੀ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਤਾਮਿਲ ਨਾਡੂ ਦੀ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਸ੍ਰੀ ਸਟਾਲਿਨ ਨੇ ਪੱਤਰਕਾਰਾਂ ਨਾਲ ਵ੍ਹਟਸਐਪ ਉੱਤੇ ਇੱਕ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀਮਤੀ ਕਿਰਨ ਬੇਦੀ ਨੇ ਤਾਮਿਲ ਨਾਡੂ ਦੇ ਲੋਕਾਂ ਨੂੰ ‘ਖ਼ੁਦਗੁਰਜ਼ ਤੇ ਬੁਜ਼ਦਿਲ’ ਦੱਸਿਆ ਹੈ।