ਦਿੱਲੀ ਦੇ ਨਿਜ਼ਾਮੂਦੀਨ 'ਚ ਹੋਈ ਤਬਲੀਗੀ ਜ਼ਮਾਤ ਦੀ ਮਰਕਜ਼ ਨੇ ਪੂਰੇ ਦੇਸ਼ 'ਚ ਤਰਥੱਲੀ ਮਚਾ ਦਿੱਤੀ ਹੈ। ਮਰਕਜ਼ 'ਚ ਸ਼ਾਮਿਲ ਹੋਏ ਤਾਮਿਲਨਾਡੂ ਦੇ 110 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੂਬੇ ਦੀ ਸਿਹਤ ਸਕੱਤਰ ਮੁਤਾਬਿਕ ਮਰਕਜ਼ 'ਚ ਸ਼ਾਮਿਲ ਹੋਏ 1103 ਲੋਕ ਆਪਣੀ ਮਰਜ਼ੀ ਨਾਲ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਤਾਮਿਲਨਾਡੂ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 234 ਹੋ ਗਈ ਹੈ। ਇਸ ਤੋਂ ਪਹਿਲਾਂ ਮਰਕਜ਼ ਤੋਂ ਵਾਪਰ ਆਏ 93 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸਾਰਿਆਂ ਦੀ ਰਿਪੋਰਟ ਪਾਜੀਟਿਵ ਆਈ ਸੀ। ਇਨ੍ਹਾਂ 'ਚ 45 ਤਾਮਿਲਨਾਡੂ, 9 ਅੰਡੇਮਾਨ ਅਤੇ 24 ਮਾਮਲੇ ਦਿੱਲੀ ਦੇ ਹਨ।
ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੋਂ 4 ਹੋਰ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦੀ ਟ੍ਰੈਵਲ ਹਿਸਟਰੀ ਮਰਕਜ਼ ਦੀ ਰਹੀ ਹੈ। ਵਿਸ਼ਾਖਾਪਟਨਮ ਤੋਂ ਵੀ 21 ਕੇਸ ਸਾਹਮਣੇ ਆਏ ਹਨ। ਉੱਧਰ ਮਰਕਜ਼ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਹੈ। ਮਰਕਜ਼ 'ਚੋਂ ਕੱਢੇ ਗਏ 2361 ਲੋਕਾਂ 'ਚੋਂ 617 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ।
ਕਈ ਦੇਸ਼ਾਂ ਤੋਂ ਆਏ ਸਨ ਲੋਕ, ਹੁਣ ਤੱਕ 10 ਜ਼ਮਾਤੀਆਂ ਦੀ ਮੌਤ
ਨਿਜ਼ਾਮੂਦੀਨ ਮਰਕਜ਼ 'ਚ ਸ਼ਾਮਲ ਜ਼ਮਾਤੀਆਂ ਵਿੱਚੋਂ 10 ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਤੇਲੰਗਾਨਾ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਸ਼ਮੀਰ 'ਚ ਕੋਰੋਨਾ ਵਾਇਰਸ ਕਾਰਨ ਇੱਕ ਜਮਾਤੀ ਦੀ ਮੌਤ ਹੋ ਗਈ ਹੈ। ਮਰਕਜ਼ 'ਚ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਲੋਕ ਆਏ ਹੋਏ ਸਨ। ਇਨ੍ਹਾਂ ਵਿੱਚ ਇੰਡੋਨੇਸ਼ੀਆ, ਚੀਨ, ਇੰਗਲੈਂਡ, ਮਲੇਸ਼ੀਆ, ਬੰਗਲਾਦੇਸ਼, ਸ੍ਰੀਲੰਕਾ, ਅਫ਼ਗਾਨਿਸਤਾਨ, ਸਾਊਦੀ ਅਰਬ ਅਤੇ ਇੰਗਲੈਂਡ ਦੇ ਜ਼ਮਾਤੀ ਸ਼ਾਮਲ ਹਨ।
ਕੀ ਹੈ ਤਬਲੀਗੀ ਜਮਾਤ ਅਤੇ ਮਰਕਜ਼
ਮਰਕਜ਼, ਤਬਲੀਗੀ ਜਮਾਤ, ਇਹ ਤਿੰਨੇ ਸ਼ਬਦ ਵੱਖ-ਵੱਖ ਹਨ। ਤਬਲੀਗੀ ਦਾ ਮਤਲਬ ਹੁੰਦਾ ਹੈ ਪਰਮਾਤਮਾ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਵਾਲਾ। ਜਮਾਤ ਦਾ ਮਤਲਬ ਸਮੂਹ/ਇਕੱਠ ਅਤੇ ਮਰਕਜ਼ ਦਾ ਮਤਲਬ ਹੁੰਦਾ ਹੈ ਮੀਟਿੰਗ ਵਾਲੀ ਥਾਂ/ਜਗ੍ਹਾ। ਮਤਲਬ ਪਰਮਾਤਮਾ ਦੀਆਂ ਕਹੀਆਂ ਗੱਲਾਂ ਦਾ ਪ੍ਰਚਾਰ ਕਰਨ ਵਾਲ ਸੰਗਠਨ। ਤਬਲੀਗੀ ਜਮਾਤ ਨਾਲ ਜੁੜੇ ਲੋਕ ਰਵਾਇਤੀ ਇਸਲਾਮ ਨੂੰ ਮੰਨਦੇ ਹਨ ਅਤੇ ਇਸੇ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਇਸ ਦਾ ਮੁੱਖ ਦਫ਼ਤਰ ਦਿੱਲੀ ਦੇ ਨਿਜ਼ਾਮੂਦੀਨ ਖੇਤਰ 'ਚ ਸਥਿਤ ਹੈ। ਇੱਕ ਦਾਅਵੇ ਦੇ ਅਨੁਸਾਰ ਇਸ ਸਮੂਹ ਦੇ ਦੁਨੀਆ ਭਰ 'ਚ 15 ਕਰੋੜ ਮੈਂਬਰ ਹਨ। 20ਵੀਂ ਸਦੀ 'ਚ ਤਬਲੀਗੀ ਜਮਾਤ ਇਸਲਾਮ ਦੀ ਇਕ ਵੱਡੀ ਅਤੇ ਮਹੱਤਵਪੂਰਨ ਲਹਿਰ ਮੰਨੀ ਜਾਂਦੀ ਸੀ।