ਦੇਸ਼ ’ਚ ਬਣੀ ਸਭ ਤੋਂ ਤੇਜ਼ ਰਫ਼ਤਾਰ ਰੇਲ–ਗੱਡੀ ਤੇਜਸ ਪਹਿਲੀ ਵਾਰ ਦੇਰੀ ਨਾਲ ਆਪਣੇ ਟਿਕਾਣੇ ’ਤੇ ਪੁੱਜੀ। ਉਹ ਪੌਣੇ ਤਿੰਨ ਘੰਟੇ ਦੇਰੀ ਨਾਲ ਪੁੱਜੀ। ਹੁਣ ਉਸ ਦੇ ਸਾਰੇ ਯਾਤਰੀਆਂ ਨੂੰ ਮੁਆਵਜ਼ਾ ਮਿਲੇਗਾ।
ਦਰਅਸਲ, ਲਖਨਊ ਜੰਕਸ਼ਨ ’ਤੇ ਵੀਰਵਾਰ ਦੀ ਰਾਤ ਨੂੰ ਕ੍ਰਿਸ਼ਕ ਐਕਸਪ੍ਰੈੱਸ ਦੇ ਦੋ ਡੱਬੇ ਲੀਹੋਂ ਲੱਥ ਗਏ ਸਨ; ਜਿਸ ਕਾਰਨ ਸ਼ੁੱਕਰਵਾਰ ਦੀ ਸਵੇਰ ਤੱਕ ਰੇਲ–ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ। ਇਸੇ ਕਰਕੇ ਤੇਜਸ ਐਕਸਪ੍ਰੈੱਸ ਵੀ ਲੇਟ ਹੋ ਗਈ।
ਤੇਜਸ ਦੇ ਯਾਤਰੀਆਂ ਲਈ ਇਹ ਵੀ ਵਧੀਆ ਖ਼ਬਰ ਹੈ ਕਿ ਰੇਲ–ਗੱਡੀ ਦੇ ਦੇਰੀ ਨਾਲ ਪੁੱਜਣ ਕਾਰਨ ਇਨ੍ਹਾਂ ਯਾਤਰੀਆਂ ਨੂੰ ਰੇਲਵੇ ਵਿਭਾਗ ਮੁਆਵਜ਼ਾ ਵੀ ਦੇਵੇਗਾ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਕਿਸੇ ਰੇਲ–ਗੱਡੀ ਦੇ ਲੇਟ ਹੋਣ ਉੱਤੇ ਮੁਆਵਜ਼ਾ ਦਿੱਤਾ ਜਾ ਰਿਹਾ ਹੈ।
IRCTC ਦੇ ਚੀਫ਼ ਰੀਜਨਲ ਮੈਨੇਜਰ ਅਸ਼ਵਨੀ ਸ੍ਰੀਵਾਸਤਵ ਨੇ ਦੱਸਿਆ ਕਿ ਕ੍ਰਿਸ਼ਕ ਐਕਸਪ੍ਰੈੱਸ ਦੇ ਲੀਹੋਂ ਲੱਥ ਜਾਣ ਕਾਰਨ ਲਖਨਊ ਜੰਕਸ਼ਨ ਤੋਂ ਇਹ ਰੇਲ ਗੱਡੀ ਪੌਣੇ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਦਿੱਲੀ ਪੁੱਜਦੇ–ਪੁੱਜਦੇ ਉਹ ਸਵਾ ਤਿੰਨ ਘੰਟੇ ਹੋਰ ਲੇਟ ਹੋ ਗਈ।
ਵਾਪਸੀ ਮੌਕੇ ਵੀ ਇਹ ਰੇਲ–ਗੱਡੀ ਨਵੀਂ ਦਿੱਲੀ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਰਵਾਨਾ ਹੋਈ। ਇਸੇ ਲਈ IRCTC ਆਪਣੇ ਵਾਅਦੇ ਮੁਤਾਬਕ ਯਾਤਰੀਆਂ ਨੂੰ ਬੀਮਾ ਕੰਪਨੀ ਤੋਂ 250–250 ਰੁਪਏ ਮੁਆਵਜ਼ਾ ਦਿਵਾਏਗਾ।
IRCTC ਨੇ ਇਸ ਲਈ ਸਾਰੇ ਯਾਤਰੀਆਂ ਦੇ ਮੋਬਾਇਲ ਨੰਬਰਾਂ ਉੱਤੇ ਇੱਕ ਲਿੰਕ ਭੇਜ ਦਿੱਤਾ ਹੈ। ਇਸ ਲਿੰਕ ਉੱਤੇ ਕਲਿੱਕ ਕਰ ਕੇ ਯਾਤਰੀ ਕਲੇਮ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਦਾਅਵਾ ਮਿਲਣ ’ਤੇ ਹੀ ਬੀਮਾ ਕੰਪਨੀ ਉਸ ਕਲੇਮ–ਰਾਸ਼ੀ ਦਾ ਭੁਗਤਾਨ ਕਰੇਗੀ।
ਇੱਥੇ ਵਰਨਣਯੋਗ ਹੈ ਕਿ ਰੇਲ–ਗੱਡੀ ਦੇ ਡੱਬੇ ਲੀਹੋਂ ਲੱਥ ਜਾਣ ਕਾਰਨ ਕ੍ਰਿਸ਼ਕ ਐਕਸਪ੍ਰੈੱਸ ਨੂੰ 10 ਘੰਟਿਆਂ ਦੀ ਦੇਰੀ ਹੋ ਗਈ। ਇਸ ਤੋਂ ਇਲਾਵਾ ਲਖਨਊ ਮੇਲ, ਪੁਸ਼ਪਕ ਐਕਸਪ੍ਰੈੱਸ ਤੇ ਚੰਡੀਗੜ੍ਹ ਐਕਸਪ੍ਰੈੱਸ ਸਮੇਤ ਕਈ ਰੇਲ–ਗੱਡੀਆਂ ਲੇਟ ਹੋ ਗਈਆਂ।
ਕ੍ਰਿਸ਼ਕ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਸ਼ੁੱਕਰਵਾਰ ਸਾਰੀ ਰਾਤ ਲਖਨਊ ਜੰਕਸ਼ਨ ਦੇ ਪਲੇਟਫ਼ਾਰਮਾਂ ਉੱਤੇ ਸਾਰੀ ਰਾਤ ਜਾਗਣਾ ਪਿਆ। ਇਹ ਰੇਲ–ਗੱਡੀ ਰਾਤੀਂ 11:10 ਦੀ ਥਾਂ ਸਵੇਰੇ 9:10 ਵਜੇ ਰਵਾਨਾ ਹੋਈ।