ਹੈਦਰਾਬਾਦ ਦੇ ਸੰਗਾਰੈੱਡੀ 'ਚ ਇੱਕ 16 ਸਾਲਾ ਲੜਕੀ ਨੇ ਅਜਿਹੀ ਕਹਾਣੀ ਸੁਣਾਈ ਕਿ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਦੀਆਂ ਕਈ ਟੀਮਾਂ ਮਾਮਲੇ ਦੀ ਜਾਂਚ 'ਚ ਲਗਾ ਦਿੱਤੀਆਂ ਗਈਆਂ ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਪੁਲਿਸ ਦੇ ਹੋਸ਼ ਉੱਡ ਗਏ।
ਹੈਦਰਾਬਾਦ 'ਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਲੋਕ ਹਾਲੇ ਭੁੱਲੇ ਵੀ ਨਹੀਂ ਸਨ ਕਿ ਇੱਕ 16 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲੇ ਪੁਲਿਸ ਕੋਲ ਆਇਆ। 16 ਸਾਲਾ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਪੈਸੇ ਚੋਰੀ ਕਰਨ ਦੀ ਗੱਲ ਨੂੰ ਲੈ ਕੇ ਮਾਂ ਨਾਲ ਉਸ ਦੀ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਉਹ ਘਰ ਛੱਡ ਕੇ ਚਲੀ ਗਈ। ਕਈ ਘੰਟੇ ਤਕ ਜਦੋਂ ਉਹ ਘਰ ਨਾ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਦੇਰ ਰਾਤ ਲੜਕੀ ਜਦੋਂ ਘਰ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਅਮੀਨਪੁਰ ਇਲਾਕੇ 'ਚ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ।
ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਸੰਗਾਰੈੱਡੀ ਪੁਲਿਸ ਥਾਣੇ ਪਹੁੰਚੇ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੁੱਸੇ ਵਿੱਚ ਘਰ ਛੱਡ ਕੇ ਬਾਹਰ ਚਲੀ ਗਈ ਸੀ। ਉਹ ਸੜਕ 'ਤੇ ਇਕੱਲੀ ਜਾ ਰਹੀ ਸੀ। ਉਸ ਸਮੇਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਦਾ ਪਿੱਛਾ ਕਰਨ ਸ਼ੁਰੂ ਕਰ ਦਿੱਤਾ। ਲੜਕੀ ਨੇ ਗੁੱਸੇ 'ਚ ਆ ਕੇ ਉਸ ਦੇ ਥੱਪੜ ਮਾਰ ਦਿੱਤਾ ਤਾਂ ਉਹ ਉੱਥੋਂ ਚਲਿਆ ਗਿਆ। ਥੋੜੀ ਦੇਰ ਬਾਅਦ ਦੁਬਾਰਾ ਵਾਪਸ ਆਇਆ।
ਲੜਕੀ ਨੇ ਪੁਲਿਸ ਨੂੰ ਦੱਸਿਆ, "ਮੋਟਰਸਾਈਕਲ ਨੌਜਵਾਨ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਮੇਰੀ ਨਹਾਉਂਦੇ ਹੋਏ ਦੀ ਵੀਡੀਓ ਬਣਾਈ ਹੈ। ਜੇ ਉਹ ਉਸ ਦੇ ਨਾਲ ਨਾ ਗਈ ਤਾਂ ਇਸ ਵੀਡੀਓ ਨੂੰ ਇੰਟਰਨੈੱਟ 'ਤੇ ਵਾਇਰਲ ਕਰ ਦੇਵੇਗਾ। ਮੈਂ ਉਸ ਨਾਲ ਮੋਟਰਸਾਈਕਲ 'ਤੇ ਬੈਠ ਗਈ। ਮੁਲਜ਼ਮ ਮੈਨੂੰ ਅਮੀਨਪੁਰ ਇਲਾਕੇ 'ਚ ਲੈ ਗਿਆ ਅਤੇ ਝਾੜੀਆਂ 'ਚ ਉਸ ਨੇ ਆਪਣੇ ਤਿੰਨ ਸਾਥੀਆਂ ਨਾਲ ਮੇਰਾ ਗੈਂਗਰੇਪ ਕੀਤਾ।"
ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਲੜਕੀ ਦੁਆਰਾ ਦੱਸੇ ਗਏ ਇਲਾਕੇ 'ਚ ਜਾਂਚ-ਪੜਤਾਲ ਕਰਦੀ ਰਹੀ। ਪੁਲਿਸ ਨੂੰ ਮੌਕੇ 'ਤੇ ਕੋਈ ਸਬੂਤ ਨਾ ਮਿਲਿਆ। ਲੜਕੀ ਦੇ ਮੈਡੀਕਲ 'ਚ ਵੀ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ।
ਸੰਗਾਰੈੱਡੀ ਦੇ ਐਸ.ਪੀ. ਚੰਦਰ ਸ਼ੇਖਰ ਰੈਡੀ ਅਨੁਸਾਰ ਲੜਕੀ ਦੇ ਬਿਆਨਾਂ ਕਾਰਨ ਉਸ 'ਤੇ ਸ਼ੱਕ ਹੋਇਆ। ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਬੁਆਏਫਰੈਂਡ ਨਾਲ ਘੁੰਮਣ ਗਈ ਸੀ। ਜਦੋਂ ਉਹ ਦੇਰ ਨਾਲ ਘਰ ਪਰਤੀ ਤਾਂ ਉਸ ਨੇ ਗੈਂਗਰੇਪ ਦੀ ਝੂਠੀ ਕਹਾਣੀ ਸੁਣਾ ਦਿੱਤੀ। ਲੜਕੀ ਨੇ ਆਪਣੀ ਗਲਤੀ ਲਈ ਪੁਲਿਸ ਕੋਲੋਂ ਮੁਆਫੀ ਮੰਗੀ। ਫਿਲਹਾਲ ਪੁਲਿਸ ਨੇ ਸਮਝਾਉਣ ਤੋਂ ਬਾਅਦ ਲੜਕੀ ਨੂੰ ਛੱਡ ਦਿੱਤਾ।