ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਮਾਲੇਗਾਉਂ ਬੰਬ ਧਮਾਕੇ ਦੀ ਕਥਿਤ ਮੁਲਜ਼ਮ ਅਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਠਾਕੁਰ ਦਾ ਨਾਂਅ ਲਏ ਬਗੈਰ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਤਿਵਾਦ ਦੇ ਮੁਲਜ਼ਮ ਨੂੰ ਸੰਸਦ 'ਚ ਭੇਜਣਾ ਰਾਸ਼ਟਰ ਵਿਰੋਧੀ ਨਹੀਂ ਮੰਨਿਆ ਜਾਂਦਾ ਪਰ ਸਵਾਲ ਪੁੱਛਣਾ ਰਾਸ਼ਟਰ ਵਿਰੋਧੀ ਮੰਨਿਆ ਜਾਂਦਾ ਹੈ।
ਮੱਧ ਪ੍ਰਦੇਸ਼ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਯੋਜਿਤ 'ਬਿਟਿਆ ਉਤਸਵ' ਸੈਮੀਨਾਰ 'ਚ ਸਵਰਾ ਭਾਸਕਰ ਨੇ ਇਹ ਵਿਵਾਦਤ ਬਿਆਨ ਦਿੱਤਾ। ਸਵਰਾ ਨੇ ਕਿਹਾ, "ਅੱਤਿਵਾਦ ਦੇ ਇੱਕ ਮੁਲਜ਼ਮ ਨੂੰ ਸੰਸਦ ਮੈਂਬਰ ਬਣਾ ਕੇ ਸੰਸਦ 'ਚ ਭੇਜਣਾ ਦੇਸ਼ਧ੍ਰੋਹ ਨਹੀਂ ਹੈ, ਪਰ ਜਿਹੜੇ ਲੋਕ ਸਵਾਲ ਪੁੱਛਦੇ ਹਨ, ਉਹ ਦੇਸ਼ਧ੍ਰੋਹੀ ਬਣ ਜਾਂਦੇ ਹਨ।"
ਉਨ੍ਹਾਂ ਕਿਹਾ, "ਮੈਨੂੰ ਵੋਟ ਦੇਣ ਦਾ ਅਧਿਕਾਰ ਹੈ ਅਤੇ ਮੈਂ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਟੈਕਸ ਦਿੰਦੀ ਹਾਂ। ਪਰ ਜੇ ਸਵਾਲ ਪੁੱਛਦੀ ਹਾਂ ਤਾਂ ਦੇਸ਼ਧ੍ਰੋਹੀ ਦਾ ਮੁਕੱਦਮਾ ਦਰਜ ਹੋ ਜਾਂਦਾ ਹੈ, ਜਕਦਿ ਮੈਨੂੰ ਦੇਸ਼ ਨਾਲ ਓਨਾ ਹੀ ਪਿਆਰ ਹੈ, ਜਿੰਨਾ ਇੱਕ ਰਾਸ਼ਟਰਵਾਦੀ ਨਾਗਰਿਕ ਨੂੰ ਹੈ।"
ਦਰਅਸਲ ਸਵਰਾ ਭਾਸਕਰ ਦਾ ਇਸ਼ਾਰਾ ਸਾਲ 2008 ਦੇ ਮਾਲੇਗਾਉਂ ਬੰਬ ਧਮਾਕੇ ਦੀ ਮੁਲਜ਼ਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ 'ਤੇ ਸੀ। ਪ੍ਰਗਿਆ ਠਾਕੁਰ ਨੇ ਭਾਜਪਾ ਦੀ ਟਿਕਟ 'ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ।
ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕੇ 'ਚ ਭੜਕੀ ਹਿੰਸਾ ਲਈ ਸਵਰਾ ਭਾਸਕਰ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਸਵਰਾ ਵਿਰੁੱਧ ਇਹ ਮਾਮਲਾ ਭੜਕਾਊ ਬਿਆਨਬਾਜ਼ੀ ਲਈ ਦਰਜ ਕੀਤਾ ਗਿਆ ਗਿਆ ਸੀ।