ਰਾਸ਼ਟਰੀ ਜਾਂਚ ਏਜੰਸੀ (NIA) ਹੁਣ ਦਵਿੰਦਰ ਸਿੰਘ ਨਾਲ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਨਾਵੇਦ ਬਾਬੂ ਤੋਂ ਪੁਲਵਾਮਾ ਹਮਲੇ ਦਾ ਕੋਈ ਸੁਰਾਗ਼ ਲੈਣ ਦੀ ਕੋਸ਼ਿਸ਼ ਕਰੇਗੀ। NIA ਹੁਣ ਨਾਵੇਦ ਤੋਂ ਅੱਤਵਾਦੀਆਂ ਤੇ ਉਨ੍ਹਾਂ ਦੇ ਹੋਰ ਸਮਰਥਕਾਂ ਬਾਰੇ ਪੁੱਛਗਿੱਛ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਨਾਵੇਦ ਨੇ ਕਥਿਤ ਤੌਰ ’ਤੇ 14 ਫ਼ਰਵਰੀ, 2019 ਦੇ ਪੁਲਵਾਮਾ ਹਮਲੇ ਦੇ ਮਾਸਟਰ–ਮਾਈਂਡ ਮੁਦੱਸਰ ਖ਼ਾਨ ਦੀ ਮਦਦ ਕੀਤੀ ਹੋਵੇਗੀ।
ਅੱਤਵਾਦੀ ਨਾਵੇਦ ਬਾਬੂ ਨੂੰ ਬੀਤੀ 11 ਜਨਵਰੀ ਨੂੰ ਜੰਮੂ–ਕਸ਼ਮੀਰ ਪੁਲਿਸ ਦੇ ਅਧਿਕਾਰੀ ਦਵਿੰਦਰ ਸਿੰਘ ਤੇ ਦੋ ਹੋਰਨਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਤਵਾਦੀ ਨਾਵੇਦ, ਹੁਣ ਮੁਅੱਤਲ ਦਵਿੰਦਰ ਸਿੰਘ ਨਾਲ ਕਾਰ ’ਚ ਜੰਮੂ ਵੱਲ ਜਾ ਰਿਹਾ ਸੀ। ਤਦ ਹੀ ਪੁਲਿਸ ਨੇ ਉਨ੍ਹਾਂ ਤਿੰਨਾਂ ਨੂੰ ਫੜ ਲਿਆ ਸੀ।
ਹੁਣ ਇਸ ਮਾਮਲੇ ਦੀ ਜਾਂਚ NIA ਵੱਲੋਂ ਕੀਤੀ ਜਾ ਰਹੀ ਹੈ। ਨਾਵੇਦ ਦੇ ਭਰਾ ਇਰਫ਼ਾਨ ਸ਼ਾਹ ਨੂੰ ਵੀ ਹਫ਼ਤੇ ਕੁ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਹ ਵੀ ਹੁਣ NIA ਦੀ ਹਿਰਾਸਤ ’ਚ ਹੈ।
ਮੁਦੱਸਰ ਖ਼ਾਨ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਕਮਾਂਡਰ ਸੀ; ਜਿਸ ਨੂੰ ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ–ਮਾਈਂਡ ਦੱਸਿਆ ਜਾ ਰਿਹਾ ਹੈ। ਫ਼ਰਵਰੀ 2019 ’ਚ ਪੁਲਵਾ ਅੱਤਵਾਦੀ ਹਮਲੇ ਦੇ ਤਿੰਨ ਹਫ਼ਤਿਆਂ ਬਾਅਦ ਹੀ ਮੁਦੱਸਰ ਖ਼ਾਨ ਇੱਕ ਹੋਰ ਅੱਤਵਾਦੀ ਸੱਜਾਦ ਭੱਟ ਨਾਲ ਮਾਰਿਆ ਗਿਆ ਸੀ।
ਪੁਲਵਾਮਾ ਹਮਲੇ ’ਚ ਸੱਜਾਦ ਦੀ ਕਾਰ ਦੀ ਵਰਤੋਂ ਹੋਈ ਸੀ। ਇਸ ਪੁਲਵਾਮਾ ਹਮਲੇ ’ਚ CRPF ਦੇ 40 ਜਵਾਨ ਸ਼ਹੀਦ ਹੋ ਗਏ ਸਨ; ਇਸ ਤੋਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਪੁਲਵਾਮਾ ਹਮਲੇ ’ਚ ਸ਼ਾਮਲ ਮੁੱਖ ਸਾਜ਼ਿਸ਼–ਘਾੜਿਆਂ ਦੇ ਕਤਲਾਂ ਕਾਰਨ NIA ਇਸ ਮਾਮਲੇ ਨਾਲ ਪੂਰੀ ਤਰ੍ਹਾਂ ਨਹੀਂ ਜੁੜ ਸਕੀ ਹੈ। ਭਾਵੇਂ ਏਜੰਸੀ ਨੇ ਅਹਿਮ ਤਕਨੀਕੀ ਸਬੂਤ, ਫ਼ਾਰੈਂਸਿਕ ਰਿਪੋਰਟ, ਖ਼ੁਫ਼ੀਆ ਮੁਲਾਂਕਣ ਤੇ ਹਮਲੇ ਨਾਲ ਸਬੰਧਤ ਜੈਸ਼–ਏ–ਮੁਹੰਮਦ ਦੇ ਕਈ ਕਾਰਕੁੰਨਾਂ ਦੇ ਸਬੂਤ ਇਕੱਠੇ ਕੀਤੇ ਹਨ।