ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਸਰਗਨਾ ਤੇ ਭਾਰਤ ਦਾ ‘ਮੋਸਟ ਵਾਂਟੇਡ’ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰ ਭਾਰਤ ਦੀਆਂ ਦਹਿਸ਼ਤਗਰਦੀ ਵਿਰੋਧੀ ਏਜੰਸੀਆਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਮਸੂਦ ਅਜ਼ਹਰ ਇਸ ਵੇਲੇ ਸਖ਼ਤ ਸੁਰੱਖਿਆ ਹੇਠ ਇੱਕ ਬੰਬ–ਪਰੂਫ਼ ਘਰ ਵਿੱਚ ਰਹਿ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀ ਮਸੂਦ ਅਜ਼ਹਰ ਪਾਕਿਸਤਾਨੀ ਪੰਜਾਬ ’ਚ ਬਹਾਵਲਪੁਰ ਦੀ ਰੇਲਵੇ ਲਿੰਕ ਰੋਡ ’ਤੇ ਸਥਿਤ ਮਰਕਜ਼–ਓ–ਅਲੀ ’ਚ ਸਥਿਤ ਦਹਿਸ਼ਤਗਰਦਾਂ ਦੇ ਅੱਡੇ ਦੇ ਪਿਛਲੇ ਪਾਸੇ ਬਣੇ ਇੱਕ ਬੰਬ–ਪਰੂਫ਼ ਘਰ ਵਿੱਚ ਰਹਿ ਰਿਹਾ ਹੈ। ਖ਼ੁਫ਼ੀਆ ਅਧਿਕਾਰੀਆਂ ਨੇ ਇਹ ਜਾਣਕਾਰੀ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦਿੱਤੀ ਹੈ।
ਅੱਤਵਾਦੀ ਮਸੂਦ ਅਜ਼ਹਰ ਦੇ ਤਿੰਨ ਹੋਰ ਪਤੇ ਵੀ ਹਨ: ਬਹਾਵਲਪੁਰ ਦੀ ਕੌਸਰ ਕਾਲੋਨੀ, ਖ਼ੈਬਰ ਪਖ਼ਤੂਨਖ਼ਵਾ ਸੂਬੇਦੇ ਬੰਨੂ ’ਚ ਮਦਰੱਸਾ ਬਿਲਾਲ ਹਬਸ਼ੀ ਤੇ ਉਸੇ ਸੂਬੇ ਦੇ ਲੱਕੀ ਮਰਵਤ ’ਚ ਮਦਰੱਸਾ ਮਸਜਿਦ–ਏ–ਲੁਕਮਾਨ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਫ਼ਰਵਰੀ ਮਹੀਨੇ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਵੱਲੋਂ ਕੀਤੇ ਗਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਸੌਂਪੇ ਗਏ ਡੌਸੀਅਰ ਅਨੁਸਾਰ 2016 ’ਚ ਪਠਾਨਕੋਟ ਏਅਰਬੇਸ ’ਤੇ ਜੈਸ਼ ਦੇ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਪਾਏ ਗਏ ਮੋਬਾਇਲ ਨੰਬਰਾਂ ਵਿੱਚਂ ਇੱਕ ਮੋਬਾਇਲ ਨੰਬਰ ਸਿੱਧਾ ਬਹਾਦਰਪੁਰ ਅੱਤਵਾਦੀ ਫ਼ੈਕਟਰੀ ਨਾਲ ਜੁੜਿਆ ਪਾਇਆ ਗਿਆ।
ਇਹ ਜਾਣਕਾਰੀ ਇਸ ਲਈ ਵੀ ਪ੍ਰਸੰਗਿਕ ਹੋ ਜਾਂਦੀ ਹੈ ਕਿਉਂਕਿ ਤਾਜ਼ਾ ਰਿਪੋਰਟ ਮੁਤਾਬਕ ਤਾਂ ਪਾਕਿਸਤਾਨ ਪੈਰਿਸ ’ਚ ਇਸ ਆਉਂਦੇ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ (FATF) ਮੀਟਿੰਗ ’ਚ ਇਹੋ ਦੱਸੇਗਾ ਕਿ ਅੱਤਵਾਦੀ ਮਸੂਦ ਅਜ਼ਹਰ ਗ਼ਾਇਬ ਹੈ। ਭਾਵੇਂ ਪਾਕਿਸਤਾਨ ਨੇ FATF ਦੀ ਪਲੈਨਰੀ ਮੀਟਿੰਗ ਤੋਂ ਠੀਕ ਪਹਿਲਾਂ ਅੱਤਵਾਦੀ ਫ਼ੰਡਿੰਗ ਦੇ ਦੋਸ਼ ਹੇਠ ਜਮਾਤ–ਉਦ–ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਤੇ ਉਸ ਦੇ ਸਹਿਯੋਗੀਆਂ ਨੂੰ ਦੋ ਮਾਮਲਿਆਂ ਵਿੱਚ ਲਗਭਗ ਸਾਢੇ ਪੰਜ–ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਪਰ 26 ਨਵੰਬਰ, 2008 ਨੂੰ ਹੋਏ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਮਸੂਦ ਅਜ਼ਹਰ ਤੇ ਰਹਿਮਾਨ ਲਖਵੀ ਵਿਰੁੱਧ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਹੈ।