ਕੌਮਾਂਤਰੀ ਪੱਧਰ ਦੇ ਦਬਾਅ ਅਤੇ ਕਈ ਤਰ੍ਹਾਂ ਦੀ ਜਾਂਚ ਤੋਂ ਬਚਣ ਲਈ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਹੁਣ ਆਪਣਾ ਨਾਂਅ ਬਦਲ ਲਿਆ ਹੈ। ਪਾਕਿਸਤਾਨ ਵਿੱਚ ਆਪਣੀਆਂ ਜੇਹਾਦੀ ਸਿਖਲਾਈ ਗਤੀਵਿਧੀਆਂ ਉੱਤੇ ਕੌਮਾਂਤਰੀ ਦਬਾਅ ਵਧਣ ਤੇ ਜਾਂਚ ਤੋਂ ਬਚਣ ਲਈ ਅੱਤਵਾਦੀ ਸਮੂਹ ਜੈਸ਼–ਏ–ਮੁਹੰਮਦ (JeM) ਨੇ ਆਪਣਾ ਨਾਂਅ ਬਦਲ ਕੇ ‘ਮਜਲਿਸ ਵੁਰਸਾ–ਏ–ਸ਼ੁਹਦਾ ਜੰਮੂ ਵਾ ਕਸ਼ਮੀਰ’ ਰੱਖ ਲਿਆ ਹੈ।
ਇਸ ਨਵੀਂ ਅੱਤਵਾਦੀ ਜੱਥੇਬੰਦੀ ਦੀ ਕਮਾਂਡ ਹੁਣ ਮਸੂਦ ਅਜ਼ਹਰ ਦੇ ਛੋਟੇ ਭਰਾ ਮੁਫ਼ਤੀ ਅਬਦੁਲ ਰਊਫ਼ ਅਸਗ਼ਰ ਕੋਲ ਹੈ। ਚੇਤੇ ਰਹੇ ਕਿ ਅੱਤਵਾਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ, ਜੋ ਪਾਕਿਸਤਾਨ ਦੇ ਬਹਾਵਲਪੁਰ ’ਚ ਮਰਕਜ਼ ਉਸਮਾਨ–ਓ–ਅਲੀ ਵਿਖੇ ਰਹਿ ਰਿਹਾ ਹੈ। ਉਸ ਨੂੰ ਇੱਕ ਅਜਿਹੀ ਲਾਇਲਾਜ ਬੀਮਾਰੀ ਹੈ, ਜਿਸ ਦਾ ਇਲਾਜ ਸੰਭਵ ਨਹੀਂ ਹੈ।
ਭਾਰਤ ’ਚ ਦਹਿਸ਼ਤਗਰਦੀ ਵਿਰੋਧੀ ਏਜੰਸੀਆਂ ਮੁਤਾਬਕ ਜੈਸ਼ ਦਾ ਨਾਂਅ ਤੇ ਕਮਾਂਡ ਭਾਵੇਂ ਨਵੇਂ ਹਨ ਪਰ ਉਸ ਵਿਚਲੇ ਅੱਤਵਾਦੀ ਸਾਰੇ ਉਹੀ ਹਨ।
ਇਸ ਜੱਥੇਬੰਦੀ ਨੂੰ ਪਹਿਲਾਂ ‘ਖੁੱਦਯ–ਉਲ–ਇਸਲਾਮ’ ਅਤੇ ‘ਅਲ ਰਹਿਮਤ ਟਰੱਸਟ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ‘ਮਜਲਿਸ ਵੁਰਸਾ–ਏ–ਸ਼ੁਹਦਾ ਜੰਮੂ ਵਾ ਕਸ਼ਮੀਰ’ ਦਾ ਸਿੱਧੀ ਪੰਜਾਬੀ ਭਾਸ਼ਾ ਵਿੱਚ ਮਤਲਬ ਹੈ ‘ਜੰਮੂ–ਕਸ਼ਮੀਰ ਦੇ ਸ਼ਹੀਦਾਂ ਦੇ ਵੰਸ਼ਜਾਂ ਭਾਵ ਸੰਤਾਨਾਂ ਦਾ ਇਕੱਠ’। ਇਸ ਦਾ ਝੰਡਾ ਵੀ ਉਹੀ ਹੈ। ਇਸ ਵਿੱਚ ਕੇਵਲ ਸ਼ਬਦ ‘ਅਲ–ਜੇਹਾਦ’ ਦੀ ਥਾਂ ‘ਅਲ–ਇਸਲਾਮ’ ਸ਼ਬਦ ਜੋੜ ਦਿੱਤਾ ਗਿਆ ਹੈ।
ਇਸ ਦੇ ਇੱਕ ਆਗੂ ਮੌਲਾਨਾ ਆਬਿਦ ਮੁਖਤਾਰ ਨੇ ਇਸ ਸਾਲ ਆਪਣੀਆਂ ਕਸ਼ਮੀਰ ਰੈਲੀਆਂ ਵਿੱਚ ਭਾਰਤ, ਅਮਰੀਕਾ ਤੇ ਇਜ਼ਰਾਇਲ ਵਿਰੁੱਧ ਪਹਿਲਾਂ ਹੀ ਜੇਹਾਦ ਵਿੱਢਣ ਦਾ ਸੱਦਾ ਦਿੱਤਾ ਹੋਇਆ। ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨਾ ਸਿਰਫ਼ ਘਬਰਾਇਆ ਹੋਇਆ ਹੈ, ਸਗੋਂ ਉਹ ਆਪਣੇ ਅੱਤਵਾਦੀਆਂ ਦੀ ਮਦਦ ਨਾਲ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੇ ਚੱਕਰਾਂ ਵਿੱਚ ਵੀ ਹੈ।