ਕਸ਼ਮੀਰ ਵਾਦੀ ’ਚ ਅੱਤਵਾਦੀਆਂ ਨੇ ਇੱਕ ਵਾਰ ਫਿਰ ਟਰੱਕ ਤੇ ਉਸ ਦੇ ਡਰਾਇਵਰ ਨੂੰ ਨਿਸ਼ਾਨਾ ਬਣਾਉਣ ਦਾ ਜਤਨ ਕੀਤਾ। ਇਸ ਦੌਰਾਨ ਅੱਤਵਾਦੀਆਂ ਨੇ ਟਰੱਕ ਨੂੰ ਅੱਗ ਲਾ ਦਿੱਤੀ ਪਰ ਡਰਾਇਵਰ ਤੇ ਉਸ ਦਾ ਸਹਾਇਕ ਛਾਲ਼ਾਂ ਮਾਰ ਕੇ ਆਪਣੀਆਂ ਜਾਨਾਂ ਬਚਾਉਣ ’ਚ ਸਫ਼ਲ ਹੋ ਗਏ।
ਏਐੱਨਆਈ ਮੁਤਾਬਕ ਇਹ ਵਾਰਦਾਤ ਤਰਾਲ ਦੇ ਅਮੀਰਾਬਾਦ ਪਿੰਡ ਦੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਹਾਲੇ ਤੱਕ ਅੱਤਵਾਦੀਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਸ ਤੋਂ ਪਹਿਲਾਂ 14 ਨਵੰਬਰ ਨੂੰ ਤਰਾਲ ਦੇ ਬੱਸ ਅੱਡੇ ਉੱਤੇ ਅੱਤਵਾਦੀਆਂ ਨੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਇੱਕ ਕੱਪੜਾ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਦੁਪਹਿਰ ਬਾਅਦ ਲਗਭਗ ਸਾਢੇ ਤਿੰਨ ਵਜੇ ਉਦੋਂ ਵਾਪਰੀ ਸੀ, ਜਦੋਂ ਮਹਿਰਾਜੁੱਦੀਨ ਦੁਕਾਨ ਲਾਗੇ ਖੜ੍ਹਾ ਹੋਇਆ ਸੀ।
ਇੱਥੇ ਵਰਨਣਯੋਗ ਹੈ ਕਿ ਪੰਜ ਅਗਸਤ ਨੂੰ ਸਮੁੱਚੇ ਸੂਬੇ ਵਿੱਚ ਪਾਬੰਦੀਆਂ ਲਾਏ ਜਾਣ ਦੇ ਬਾਅਦ ਪੂਰੀ ਤਰ੍ਹਾਂ ਵਪਾਰਕ ਗਤੀਵਿਧੀਆਂ ਠੱਪ ਸਨ। ਇਸ ਤੋਂ ਬਾਅਦ ਹੌਲੀ–ਹੌਲੀ ਦੁਕਾਨਾਂ ਖੁੱਲ੍ਹਣ ਲੱਗ ਪਈਆਂ ਸਨ। ਪਿਛਲੇ ਕੁਝ ਦਿਨਾਂ ਤੋਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੇ ਪੁਲਵਾਮਾ ਦੇ ਬਾਜ਼ਾਰ ਲਗਭਗ ਖੁੱਲ੍ਹੇ ਹੋਏ ਹਨ। ਪਰ ਲੋਕਾਂ ਵਿੱਚ ਦਹਿਸ਼ਤ ਥੋੜ੍ਹੀ ਘਟੀ ਹੈ।