ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਰਾਬਰਟ ਵਾਡਰਾ ਨੂੰ ਮੈਡੀਕਲ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਅਦਾਲਤ ਨੇ ਰਾਬਰਟ ਵਾਡਰਾ ਨੂੰ ਅਮਰੀਕਾ ਤੇ ਨੀਦਰਲੈਂਡਜ਼ ਜਾਣ ਦੀ ਤਾਂ ਪ੍ਰਵਾਨਗੀ ਦੇ ਦਿੱਤੀ ਹੈ ਪਰ ਉਹ ਲੰਦਨ ਨਹੀਂ ਜਾ ਸਕਣਗੇ। ਇਸ ਤੋਂ ਪਹਿਲਾਂ ਸ੍ਰੀ ਵਾਡਰਾ ਨੇ ਲੰਦਨ ਜਾਣ ਦੀ ਆਪਣੀ ਬੇਨਤੀ ਵਾਪਸ ਲੈ ਲਈ ਸੀ।
ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਜਾਰੀ ਹੋਇਆ ‘ਲੁੱਕ ਆਊਟ’ ਸਰਕੂਲਰ ਮੁਲਤਵੀ ਰਹੇਗਾ।
ਇਸ ਤੋਂ ਪਹਿਲਾਂ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਰਾਬਰਟ ਵਾਡਰਾ ਨੂੰ ਮੰਗਲਵਾਰ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਸ੍ਰੀ ਵਾਡਰਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਹਨ। ਇਸ ਵੇਲੇ ਸ੍ਰੀ ਵਾਡਰਾ ਕੁਝ ਜ਼ਮੀਨਾਂ ਹੜੱਪਣ ਦੇ ਮਾਮਲੇ ਵਿੱਚ ਫਸੇ ਹੋਏ ਹਨ।
ਇਹ ਜ਼ਮੀਨਾਂ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ, ਬੀਕਾਨੇਰ ਤੇ ਵਿਦੇਸ਼ ਵਿੱਚ ਸਥਿਤ ਹਨ।
ਬੀਤੀ 30 ਮਈ ਨੂੰ ਵੀ ਸ੍ਰੀ ਰਾਬਰਟ ਵਾਡਰਾ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ED ਸਾਹਵੇਂ ਪੇਸ਼ ਹੋਏ ਸਨ। ਉਸੇ ਦਿਨ, ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਵਿਰੁੱਧ ਲੱਗੇ ‘‘ਝੂਠੇ ਦੋਸ਼ਾਂ’’ ਤੋਂ ਮੁਕਤੀ ਨਹੀਂ ਮਿਲ ਜਾਂਦੀ, ਤਦ ਤੱਕ ਉਹ ਸਾਰੇ ਸਰਕਾਰੀ ਸੰਮਨਾਂ ਦੀ ਪਾਲਣਾ ਕਰਦੇ ਰਹਿਣਗੇ।
ਬੀਤੀ 24 ਮਈ ਨੂੰ ED ਨੇ ਦਿੱਲੀ ਹਾਈ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਰਾਬਰਟ ਵਾਡਰਾ ਤੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਵਾਨਗੀ ਦਿੱਤੀ ਜਾਵੇ। ਤਦ ਇਹ ਆਖਿਆ ਗਿਆ ਸੀ ਕਿ ਲੰਦਨ ’ਚ ਇੱਕ ਸੰਪਤੀ ਖ਼ਰੀਦਣ ਲਈ 1.9 ਪੌਂਡ ਖ਼ਰਚ ਕੀਤੇ ਗਏ ਸਨ। ਉਹ ਰਕਮ ਕਿੱਥੋਂ ਆਈ ਸੀ, ਉਸ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ।