ਪ੍ਰਸਿੱਧ ਰਸਾਲੇ ‘ਦਿ ਇਕੌਨੋਮਿਸਟ’ ਨੇ ਆਪਣੇ ਤਾਜ਼ਾ ਅੰਕ ਦਾ ਮੁੱਖ ਪੰਨਾ ‘ਇਨਟੌਲਰੈਂਟ ਇੰਡੀਆ’ (ਅਸਹਿਣਸ਼ੀਲ ਭਾਰਤ) ਦੇ ਨਾਂਅ ਨਾਲ ਪ੍ਰਕਾਸ਼ਿਤ ਕੀਤਾ ਹੈ। ਰਸਾਲੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਲਿਖਿਆ ਗਿਆ ਹੈ ਕਿ ਇੰਝ ਜਾਪਦਾ ਹੈ ਕਿ ਸ੍ਰੀ ਮੋਦੀ ਭਾਰਤ ਨੂੰ ਇੱਕ ਸਹਿਣਸ਼ੀਲ ਤੇ ਬਹੁ–ਧਾਰਮਿਕ ਦੇਸ਼ ਦੀ ਕਾਂ ਰੋਹ–ਭਰਪੂਰ ਹਿੰਦੂਤਵ ਦੇਸ਼ ਬਣਾਉਣ ਵੱਲ ਲਿਜਾ ਰਹੇ ਹਨ।
ਰਸਾਲੇ ਵਿੱਚ ਲਿਖਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਨਰਿੰਦਰ ਮੋਦੀ ਚੋਣ ਭਾਵੇਂ ਜਿੱਤ ਜਾਣ ਪਰ ਇਹ ਸਰਕਾਰ ਦੇਸ਼ ਲਈ ਸਿਆਸੀ ਜ਼ਹਿਰ ਸਿੱਧ ਹੋਵੇਗੀ। ਰਸਾਲੇ ’ਚ ਕਿਹਾ ਗਿਆ ਹੈ ਕਿ ਸੀਏਏ ਲਾਗੂ ਹੋਣ ਨਾਲ ਦੇਸ਼ ਵਿੱਚ ਖ਼ੂਨੀ ਸੰਘਰਸ਼ ਹੋ ਸਕਦਾ ਹੈ।
ਇਹ ਤਾਜ਼ਾ ਅੰਕ ਆਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਇਸੇ ਰਸਾਲੇ ਦੇ ਕੁਝ ਪੁਰਾਣੇ ਅੰਕ ਵੀ ਸ਼ੇਅਰ ਕੀਤੇ ਜਾ ਰਹੇ ਹਨ। ਲੋਕ ਸਾਲ 2010 ਦੇ ਕਵਰ ਪੇਜ ਨੂੰ ਸ਼ੇਅਰ ਕਰਦਿਆਂ ਮੋਦੀ ਸਰਕਾਰ ਦੀ ਆਲੋਚਨਾ ਵੀ ਕਰ ਰਹੇ ਹਨ; ਜਿਸ ਵਿੱਚ ਭਾਰਤੀ ਅਰਥ–ਵਿਵਸਥਾ ਦੀ ਰੱਜ ਕੇ ਸ਼ਲਾਘਾ ਕੀਤੀ ਗਈ ਸੀ।
ਲੋਕ ਹੁਣ ਇਹ ਆਖ ਰਹੇ ਹਨ ਕਿ ਡਾ. ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਹੁੰਦੇ ਸਨ, ਤਦ ਭਾਰਤੀ ਅਰਥ ਵਿਵਸਥਾ ਦੀ ਹਾਲਤ ਬਹੁਤ ਬਿਹਤਰ ਸੀ ਪਰ ਹੁਣ ਇਹ ਸਭ ਬਰਬਾਦ ਹੋ ਰਿਹਾ ਹੈ। ਸਾਲ 2010 ਦਾ ਅੰਕ ਦੱਸਦਾ ਹੈ ਕਿ ਭਾਰਤੀ ਅਰਥ–ਵਿਵਸਥਾ ਦੀ ਹਾਂ–ਪੱਖੀ ਸਥਿਤੀ ਚੀਨ ਦੀ ਅਰਥ–ਵਿਵਸਥਾ ਦੀ ਰਫ਼ਤਾਰ ਉੱਤੇ ਭਾਰੂ ਪੈ ਸਕਦੀ ਹੈ।
ਰਸਾਲੇ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਕਦਮ ਭਾਰਤ ਦੀਆਂ ਧਰਮ–ਨਿਰਪੱਖ ਕਦਰਾਂ–ਕੀਮਤਾਂ ਨੂੰ ਵੱਡੀ ਢਾਹ ਲਾ ਸਕਦੇ ਹਨ।