ਅਗਲੀ ਕਹਾਣੀ

ਬੀਬੀ ਜਗੀਰ ਕੌਰ ਨੂੰ ਹਾਈਕੋਰਟ ਨੇ ਕੀਤਾ ਬਰੀ, ਨਹੀਂ ਹੋਵੇਗੀ ਸਜ਼ਾ

ਆਪਣੀ ਧੀ ਹਰਪ੍ਰੀਤ ਕੌਰ ਨੂੰ ਕਥਿਤ ਤੌਰ `ਤੇ ਅਗਵਾ ਕਰਕੇ ਗਰਭਪਾਤ ਕਰਵਾਉਣ ਅਤੇ ਸ਼ੱਕੀ ਹਾਲਾਤਾਂ ਚ ਮੌਤ ਹੋ ਜਾਣ ਦੇ ਮਾਮਲੇ `ਚ ਸੀਬੀਆਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ।

 

ਅਦਾਲਤ ਨੇ ਇਸ ਦੇ ਨਾਲ ਹੀ ਸੀਬੀਆਈ ਤੇ ਕਮਲਜੀਤ ਸਿੰਘ ਵੱਲੋਂ ਬੀਬੀ ਜਗੀਰ ਕੌਰ ਦੀ ਸਜ਼ਾ `ਚ ਵਾਧਾ ਕਰਨ ਲਈ ਦਰਜ ਕੀਤੀਆਂ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਸੀਬੀਆਈ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਖੁੱਦ ਨੂੰ ਬੇਕਸੂਰ ਦੱਸਿਆ ਸੀ ਅਤੇ ਆਪਣੀ ਸਜ਼ਾ ਖ਼ਤਮ ਕਰਨ ਦੀ ਮੰਗ ਕੀਤੀ ਸੀ ਜਦਕਿ ਸੀਬੀਆਈ ਨੇ 5 ਸਾਲ ਦੀ ਸਜ਼ਾ `ਚ ਹੋਰ ਵਾਧਾ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਕਈ ਅਹਿਮ ਪਹਿਲੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।

 

ਦੋਨਾਂ ਦੀ ਦਲੀਲ ਸੁਣਨ ਮਗਰੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਜਿਸ ਤੋਂ ਬਾਅਦ ਅੱਜ ਬੀਬੀ ਨੂੰ ਬਰੀ ਕਰ ਦਿੱਤਾ ਗਿਆ ਹੈ।

 

ਦੱਸਣਯੋਗ ਹੈ ਕਿ 2012 ਵਿੱਚ ਜਗੀਰ ਕੌਰ ਨੂੰ ਆਪਣੀ ਧੀ ਹਰਪ੍ਰੀਤ ਕੌਰ ਨੂੰ ਕਥਿਤ ਤੌਰ `ਤੇ ਅਗਵਾ ਕਰਕੇ ਗਰਭਪਾਤ ਕਰਵਾਉਣ ਦੇ ਮਾਮਲੇ `ਚ ਪਟਿਆਲਾ ਸਪੈਸ਼ਲ ਕੋਰਟ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਅਪ੍ਰੈਲ 2000 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਧੀ ਹਰਪ੍ਰੀਤ ਕੌਰ ਦੀ ਰਹੱਸਮਈ ਹਾਲਾਤ ਵਿਚ ਮੌਤ ਹੋ ਗਈ ਸੀ. ਬਾਅਦ ਵਿਚ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਸੀਬੀਆਈ ਦੀ ਜਾਂਚ ਵਿਚ ਬੀਬੀ ਜਗੀਰ ਕੌਰ ਦੀ ਸ਼ਮੂਲੀਅਤ ਪਾਈ ਗਈ ਸੀ. ਬੀਬੀ ਜਗੀਰ ਕੌਰ ਨੇ ਨਵੰਬਰ 2012 ਵਿਚ ਟਰਾਈਲ ਕੋਰਟ ਦੇ ਹੁਕਮਾਂ ਵਿਰੁਧ ਹਾਈ ਕੋਰਟ ਵਿਚ ਅਪੀਲ ਕੀਤੀ ਸੀ.

 

ਸਜ਼ਾ ਸੁਣਾਏ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ, ਪਰ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਲੜ ਨਹੀਂ ਸਕੀ ਕਿਉਂਕਿ ਉਸਦੀ ਅਪੀਲ ਹਾਈ ਕੋਰਟ ਵਿਚ ਪੈਂਡਿੰਗ ਸੀ. 

 

ਬੀਬੀ ਜਗੀਰ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਜੇ.ਐਸ. ਬੇਦੀ ਨੇ ਕਿਹਾ, "ਜਗੀਰ ਕੌਰ ਦੀ ਅਰਜ਼ੀ ਨੂੰ ਮੰਨ ਲਿਆ ਗਿਆ ਹੈ ਅਤੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੀਬੀਆਈ ਵਲੋਂ ਕਤਲ ਦੀ ਸਜ਼ਾ ਸੁਣਾਉਣ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ।"

 

2012 ਵਿਚ ਇਸ ਕੇਸ ਵਿਚ ਦੋਸ਼ੀ ਹੋਰ ਲੋਕਾਂ ਵਿਚ ਦਲਵਿੰਦਰ ਕੌਰ ਢੇਸੀ, ਪਰਮਜੀਤ ਸਿੰਘ ਰਾਇਪੁਰ, ਜਗੀਰ ਕੌਰ ਦੇ ਸਹਾਇਕਾਂ ਅਤੇ ਪੁਲਿਸ ਅਫਸਰ ਨਿਸ਼ਾਨ ਸਿੰਘ ਸ਼ਾਮਲ ਸਨ. ਬੀਬੀ ਜਾਗੀਰ ਕੌਰ ਦੀ ਧੀ ਹਰਪ੍ਰੀਤ ਕਪੂਰਥਲਾ ਜਿ਼ਲ੍ਹੇ ਦੇ ਬੇਗੋਵਾਲ ਕਸਬੇ ਦੇ ਨਿਵਾਸੀ ਕਮਲਜੀਤ ਸਿੰਘ ਨਾਲ ਰਿਸ਼ਤੇ ਚ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਪ੍ਰਧਾਨ ਜਗੀਰ ਕੌਰ ਨੇ ਇਸ ਰਿਸ਼ਤੇ ਅਤੇ ਦੋਨਾਂ ਦੇ ਵਿਆਹ ਦਾ ਵਿਰੋਧ ਕੀਤਾ ਸੀ।

 

20 ਅਪ੍ਰੈਲ 2000 ਨੂੰ ਆਪਣੀ ਮੌਤ ਦੇ ਸਮੇਂ ਹਰਪ੍ਰੀਤ 19 ਸਾਲ ਦੀ ਸੀ ਜਦੋਂ ਕਿ ਕਮਲਜੀਤ 21 ਸਾਲ ਦਾ ਸੀ. ਕਮਲਜੀਤ ਦੀ ਅਪੀਲ 'ਤੇ ਹੀ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ. ਹਰਪ੍ਰੀਤ ਦਾ ਕਿਸੇ ਵੀ ਪੋਸਟ ਮਾਰਟਮ ਤੋਂ ਬਿਨਾਂ ਕਾਹਲੀ ਚ ਸਸਕਾਰ ਕੀਤਾ ਗਿਆ ਸੀ ਅਤੇ ਕਮਲਜੀਤ ਨੇ ਦੋਸ਼ ਲਗਾਇਆ ਸੀ ਕਿ ਇਹ ਜਗੀਰ ਕੌਰ ਸੀ ਜਿਸਨੇ ਆਪਣੀ ਧੀ ਦਾ ਕਤਲ ਕਰਨ ਦੀ ਸਾਜਿਸ਼ ਰਚੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The High Court acquits Bibi Jagir Kaur