ਕੇਂਦਰ ਸਰਕਾਰ ਨੇ ਇਸ ਵਾਰ 15 ਅਗਸਤ ਦੀ ਆਮਦ ’ਤੇ ਸਾਰੇ ਨਾਗਰਿਕਾਂ ਨੂੰ ਪਲਾਸਟਿਕ ਦੇ ਬਣੇ ‘ਤਿਰੰਗੇ` ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਕੇਂਦਰ ਵਲੋਂ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਸੂਬਿਆਂ ਨੂੰ ਵੀ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿਉਂਕਿ ਜੇਕਰ ਕਿਸੇ ਨੇ ਆਜ਼ਾਦੀ ਦਿਹਾੜੇ `ਤੇ ਪਲਾਸਟਿਕ ਦਾ `ਤਿਰੰਗਾ’ ਵਰਤਿਆ ਤਾਂ ਉਸ ਨੂੰ ਆਜ਼ਾਦੀ ਦੀ ਥਾਂ ਤਿੰਨ ਸਾਲ ਦੀ ਸਜ਼ਾ ਮਿਲ ਸਕਦੀ ਹੈ।
ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀ ਗਈ ਐਡਵਾਈਜ਼ਰੀ `ਚ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਤਿਰੰਗਾ ਭਾਰਤ ਦੀ ਜਨਤਾ ਦੀਆਂ ਉਮੀਦਾਂ ਦੀ ਅਗਵਾਈ ਕਰਦਾ ਹੈ ਇਸ ਲਈ ਉਸ ਨੂੰ ਸਤਿਕਾਰ ਨਾਲ ਜੁੜਿਆ ਦਰਜਾ ਮਿਲਣਾ ਚਾਹੀਦਾ ਹੈ। ਮੰਤਰਾਲੇ ਨੇ ਕਿਹਾ ਕਿ ਉਸ ਦੇ ਧਿਆਨ `ਚ ਆਇਆ ਹੈ ਕਿ ਮਹੱਤਵਪੂਰਨ ਸਮਾਗਮਾਂ `ਚ ਪਲਾਸਟਿਕ ਦੇ ਬਣੇ `ਤਿਰੰਗੇ` ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਸਹੀ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦੇ ਝੰਡੇ ਕੁਦਰਤੀ ਤਰੀਕੇ ਨਾਲ ਨਸ਼ਟ ਨਹੀਂ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਇਸਤੇਮਾਲ ਨਾ ਕੀਤਾ ਜਾਵੇ।
ਹੋ ਸਕਦੀ ਹੈ 3 ਸਾਲਾਂ ਦੀ ਜੇਲ੍ਹ ਤੇ ਜ਼ੁਰਮਾਨਾ
‘ਰਾਸ਼ਟਰੀ ਸਨਮਾਨ` ਦੇ ਅਪਮਾਨ ਦੀ ਰੋਕਥਾਮ ਐਕਟ-1971 ਦੀ ਧਾਰਾ-2 ਮੁਤਾਬਕ ਜੇਕਰ ਕੋਈ ਵਿਅਕਤੀ ਕੌਮੀ ਝੰਡੇ ਪ੍ਰਤੀ ਅਸਨਮਾਨ ਪ੍ਰਗਟ ਕਰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜਾਂ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਫਿਰ ਦੋਵੇਂ ਤਰ੍ਹਾਂ ਨਾਲ ਹੀ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।
ਐਡਵਾਈਜ਼ਰੀ `ਚ ਕਿਹਾ ਗਿਆ ਹੈ ਕਿ ਮਹੱਤਵਪੂਰਨ ਕੌਮੀ, ਸੱਭਿਆਚਾਰਕ ਤੇ ਖੇਡ ਸਮਾਰੋਹਾਂ `ਤੇ ‘ਫਲੈਗ ਕੋਡ ਆਫ ਇੰਡੀਆ-2002` ਦੀ ਧਾਰਾ ਮੁਤਾਬਕ ਆਮ ਜਨਤਾ ਨੂੰ ਸਿਰਫ ਕਾਗਜ਼ ਦੇ ਬਣੇ ਝੰਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਮਾਰੋਹ ਤੋਂ ਬਾਅਦ ਇਸ ਤਰ੍ਹਾਂ ਦੇ ਕਾਗਜ਼ ਦੇ ਝੰਡਿਆਂ ਨੂੰ ਜ਼ਮੀਨ `ਤੇ ਨਹੀਂ ਸੁੱਟਿਆ ਜਾਣਾ ਚਾਹੀਦਾ।