ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਸੰਗ੍ਰਹਿ ਛਪਵਾਉਣ ਦੀ ਪਹਿਲ ਕਰਨ ਵਾਲਾ ਲੇਖਕ - ਸਤਵੰਤ ਕੈਂਥ

ਮਿੰਨੀ ਕਹਾਣੀ ਸੰਗ੍ਰਹਿ ਛਪਵਾਉਣ ਦੀ ਪਹਿਲ ਕਰਨ ਵਾਲਾ ਲੇਖਕ - ਸਤਵੰਤ ਕੈਂਥ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-30
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਸਤਵੰਤ ਕੈਂਥ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਭਾਵੇਂ ਕੈਂਥ ਨੇ ਮਿੰਨੀ ਕਹਾਣੀ ਦੇ ਨਾਲ ਨਾਲ ਕਵਿਤਾ, ਸ਼ੇਅਰ, ਰੁਬਾਈ, ਗੀਤ ਆਦਿ ਵੰਨਗੀਆਂ ਦੀ ਵੀ ਰਚਨਾ ਕੀਤੀ ਹੈ ਪਰ ਵਧੇਰੇ ਪਹਿਚਾਣ ਇੱਕ ਮਿੰਨੀ ਕਹਾਣੀਕਾਰ ਵਜੋਂ ਹੀ ਸਥਾਪਿਤ ਹੋਈ ਹੈ।  1972 ਵਿੱਚ ‘ਬਰਫੀ ਦਾ ਟੁਕੜਾ’ ਪੰਜਾਬੀ ਮਿੰਨੀ ਕਹਾਣੀ ਦਾ ਮੌਲਿਕ ਸੰਗ੍ਰਹਿ ਛਪਵਾ ਕੇ ਸਤਵੰਤ ਕੈਥ ਨੇ ਇਸ ਵਿਧਾ ਵਿਚ ਪਹਿਲ ਕੀਤੀ।

 


ਸਤਵੰਤ ਕੈਂਥ ਦੀਆਂ ਵਧੇਰੇ ਮਿੰਨੀ ਕਹਾਣੀਆਂ ਔਰਤ-ਮਰਦ ਸੰਬੰਧਾਂ ਦੇ ਦੁਆਲੇ ਘੁੰਮਦੀਆਂ ਹਨ। ਕਈ ਆਲੋਚਕ ‘ਬਰਫ਼ੀ ਦਾ ਟੁਕੜਾ’ ਨੂੰ ਪਹਿਲੀ ਮਿੰਨੀ ਕਹਾਣੀ ਦੀ ਪੁਸਤਕ ਸਵੀਕਾਰ ਕਰਨ ਵਿਚ ਹਿਚਕਚਾਹਟ ਦਿਖਾਉਂਦੇ ਹਨ, ਪ੍ਰੰਤੂ ਡਾ. ਮਹਿਤਾਬ-ਉਦ-ਦੀਨ ਦੀ ਆਲੋਚਨਾਤਮਕ ਪੁਸਤਕ ‘ਮਿੰਨੀ ਕਹਾਣੀ ਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਦੇ ਨਾਲ ਨਾਲ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਡਾ. ਨਾਇਬ ਸਿੰਘ ਮੰਡੇਰ ਦੀ ਖੋਜ ਵਿਚ ਇਹ ਗੱਲ ਸਾਬਿਤ ਹੋ ਚੁੱਕੀ ਹੈ। ਇਹ ਵੀ ਅਜੀਬ ਗੱਲ ਲਗਦੀ ਹੈ ਕਿ ਅਸੀਂ ਹੋਰਨਾਂ ਵਿਧਾਵਾਂ ਦੀਆਂ ਪੁਸਤਕਾਂ ਵਿਚੋਂ ਤਾਂ ਮਿੰਨੀ ਕਹਾਣੀ ਦੀਆਂ ਰਚਨਾਵਾਂ ਦੇ ਅਕਸ ਪਛਾਨਣ ਲਈ ਹਵਾਲੇ ਲੈਂਦੇ ਹਾਂ, ਪ੍ਰੰਤੂ ਜੋ ਪੁਸਤਕ ਮਿੰਨੀ ਕਹਾਣੀ ਦੇ ਨਾਂ ਹੇਠ ਛਪੀ ਹੈ ਉਸਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ।

 


ਸਤਵੰਤ ਕੈਂਥ ਦਾ ਜਨਮ 23 ਅਕਤੂਬਰ 1947 ਨੂੰ ਹੋਇਆ। ਇਨ੍ਹਾਂ ਦੇ ਛੇ ਮਿੰਨੀ ਕਹਾਣੀ ਸੰਗ੍ਰਹਿ ‘ਬਰਫ਼ੀ ਦਾ ਟੁਕੜਾ’, ‘ਕੀੜੀਆਂ ਦਾ ਭੋਣ’, ‘ਫੇਰ ਕੀ ਹੋਇਆ’, ‘ਦਸ ਰੁਪਏ’, ‘ਤਿਣਕੇ’ ਅਤੇ ‘ਯਾਦਾ’ ਪ੍ਰਕਾਸ਼ਿਤ ਹੋਏ।ਇਨ੍ਹਾਂ ਦੇ ਲਿਖੇ ਇੱਕ ਗਾਣੇ ਨੂੰ ਪ੍ਰਸਿੱਧ ਗਾਇਕ ਜਗਜੀਤ ਚਿੱਤਰਾ ਸਿੰਘ ਅਤੇ ਇੱਕ ਨੂੰ ਪੌਪ ਸਟਾਰ ਜਸਬੀਰ ਜੱਸੀ ਨੇ ਗਾਇਆ।

 


ਪੰਜਾਬੀ ਮਿੰਨੀ ਕਹਾਣੀ ਦੇ ਤ੍ਰੈਮਾਸਿਕ ਪਰਚੇ ‘ਮਿੰਨੀ ਕਹਾਣੀ’ ਦੇ ਇਹ ਸੰਪਾਦਕ ਵੀ ਰਹੇ। ਤਿੰਨ ਅਪ੍ਰੈਲ 2010 ਨੂੰ ਇਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਾਹਿਤਕ ਲੇਖਣੀ ਸਦਕਾ ਇਨ੍ਹਾਂ ਨੂੰ ਕਈ ਮਾਨ ਸਨਮਾਨ ਵੀ ਹਾਸਿਲ ਹੋਏ।ਆਓ ਪੜ੍ਹੀਏ ਇਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ ਨੂੰ… 

 

ਸੁਨੇਹਾ

 

ਪਿੰਡ ਵਿਚ ਇਹ ਪ੍ਰਚਲਿਤ ਸੀ ਕਿ ਪਿੰਡ ਵਿਚ ਜਦ ਵੀ ਕੋਈ ਮਰਦਾ ਹੈ ਭਗਤੇ ਦੀ ਮਾਂ ਸਭ ਤੋਂ ਪਹਿਲਾਂ ਮਰਗਤ ਵਾਲੇ ਘਰ ਪੁੱਜਦੀ ਹੈ ਤੇ ਮੁਰਦੇ ਦੇ ਕੰਨ ਵਿਚ ਕੁਝ ਆਖ ਕੇ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ।

ਉਸ ਬੁੱਢੀ ਦੇ ਦੋ ਪੁੱਤਰ ਸਨ। ਭਗਤਾ ਤੇ ਜਗਤਾ । ਨਿੱਕਾ ਜਗਤਾ, ਭਗਤੇ ਤੋਂ ਪਹਿਲਾਂ ਮਰ ਗਿਆ ਸੀ ਤੇ ਵੱਡੇ ਪੁੱਤਰ ਭਗਤੇ ਨਾਲ ਉਸ ਦਾ ਬੜਾ ਮੋਹ ਸੀ। ਮੁਰਦੇ ਦੇ ਕੰਨ ਵਿਚ ਕੁਝ ਕਹਿਣ ਵਾਲਾ ਕਿੱਤਾ ਉਸ ਭਗਤੇ ਦੀ ਮੌਤ ਬਾਅਦ ਸ਼ੁਰੂ ਕੀਤਾ ਸੀ।

ਇਕ ਦਿਨ ਉਹ ਬੁੱਢੀ ਮਰ ਗਈ। ਪਿੰਡ ਦਾ ਹਰ ਜੀਅ ਉਸ ਨੂੰ ਸ਼ਮਸ਼ਾਨ ਤਕ ਛੱਡਣ ਗਿਆ।

ਦਾਗ ਲਾਣ ਪਿੱਛੋਂ ਇੱਕ ਬੁੱਢੇ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਇੱਕ ਰਾਜ਼ ਦੀ ਗੱਲ ਦੱਸੀ, “ਬੰਤੇ ਦੇ ਸੁੰਦਰ ਦੇ ਮਰਨ ਬਾਅਦ ਮੈਂ ਭਗਤੇ ਦੀ ਮਾਂ ਨੂੰ ਸੁੰਦਰ ਦੇ ਕੰਨ ਵਿਚ ਕਹਿੰਦੇ ਸੁਣਿਆ ਸੀ, ਮੇਰੇ ਭਗਤੇ ਨੂੰ ਕਹਿ ਦੀਂ ਮੈਨੂੰ ਵੀ ਬੁਲਾ ਲੈ।”

 

============

 

ਰਿਸ਼ਤੇ

ਉਹ ਉਸ ਦੇ ਹਮੇਸ਼ਾ ਉਦੋਂ ਜਾਂਦਾ ਜਦੋਂ ਉਸ ਦਾ ਪਤੀ ਘਰ ਨਾ ਹੁੰਦਾ।

ਦਸ ਸਾਲ ਪਹਿਲਾਂ ਦਸਵੀਂ ਦੀ ਪ੍ਰੀਖਿਆ ਵਿਚ ਡਿਊਟੀ ਦੇਣ ਸਮੇਂ ਉਹਨੇ ਉਸ ਨੂੰ, ਭੈਣ ਬਣਾਇਆ ਸੀ।

ਤੇ ਅਜ ਉਹ ਉਸ ਨੂੰ ਬੱਸ ਸਟੈਂਡ ਨੇੜੇ ਖੜਾ ਉਡੀਕ ਰਿਹਾ ਸੀ। ਉਸਨੇ ਨਾਲ ਦੇ ਪਿੰਡੋਂ ਆਉਣਾ ਸੀ ਜਿਥੇ ਉਹ ਪੜ੍ਹਾਉਣ ਜਾਂਦੀ ਹੈ।

ਉਹ ਆਈ ਤੇ ਉਸ ਦੇ ਕਹਿਣ ਮੁਤਾਬਕ ਉਹ ਉਸਨੂੰ ਉਸ ਦੇ ਘਰ ਵਲ ਸਕੂਟਰ `ਤੇ ਲੈ ਚਲਿਆ। 

ਰਾਹ ਵਿਚ ਜਾਂਦਿਆਂ ਉਸਨੇ ਉਹਦੀ ਪਿੱਠ ਨਾਲ ਹਿੱਕ ਜੋੜਦਿਆਂ ਕਿਹਾ, “ਤੁਹਾਡੇ ਭਾਣਜੇ ਦੀਆਂ ਆਦਤਾਂ ਬਿਲਕੁਲ ਥੋਡੇ ਵਰਗੀਆਂ ਨੇ -ਕੱਲ ਗਵਾਢੀਆਂ ਦੀ ਕੁੜੀ ਨੂੰ ਉਹ ਨੇ ਵੀ ਭੈਣ ਬਣਾ ਲਿਆ ਹੈ।”

 

============

 

ਬੋਝ

 

ਕੁਝ ਦਿਨ ਪਹਿਲਾਂ ਘਰ ਨੇੜੇ ਚੁਰਸਤੇ ਵਿਚ ਇਕ ਬੁੱਢੇ ਨੂੰ ਉਸ ਨੇ ਦੀਵਾ ਬਾਲਦੇ ਵੇਖਿਆ ਸੀ। ਉਹ ਬੇਧਿਆਨਿਆਂ ਵਾਂਗ ਉਹਦੇ ਕੋਲੋਂ ਦੀ ਲੰਘ ਗਿਆ।

ਸਵੇਰੇ ਉਸਨੇ ਉਥੇ ਲਾਲ ਕੱਪੜੇ ਉਪਰ ਖਿੰਡਿਆ ਸੰਧੂਰ, ਹਲਦੀ, ਮਹਾਂ ਦੀ ਦਾਲ, ਕਿਲ ਅਤੇ ਟੁਟੇ ਤੌੜੇ ਵੱਲ ਬੜੇ ਗੌਹ ਨਾਲ ਵੇਖਿਆ ਸੀ।
ਫਿਰ ਦੁਕਾਨ ਤੇ ਬੈਠਾ ਸਾਰਾ ਦਿਨ ਉਸ ਬੁੱਢੇ ਵੱਲੋਂ ਕੀਤੇ ਗਏ ਟੂਣੇ ਬਾਰੇ ਸੋਚਦਾ ਰਿਹਾ ਸੀ। 

ਉਸਨੂੰ ਹੁਣ ਰੋਟੀ ਵੀ ਚੰਗੀ ਨਾ ਲੱਗਦੀ  ਤੇ ਬੋਲਣਾ ਵੀ ਕੁਝ ਘੱਟ ਗਿਆ ਸੀ। ਇੰਝ ਲੱਗਦਾ ਸੀ ਜਿਵੇਂ ਉਸ ਬੁੱਢੇ ਨੇ ਟੂਣਾ ਉਸੇ `ਤੇ ਹੀ ਕੀਤਾ ਹੋਵੇ।

ਤੇ ਅੱਜ ਉਹ ਸੁਪਨੇ ਵਿਚ ਉਸੇ ਬੁੱਢੇ ਨੂੰ ਉਸੇ ਚੁਰਸਤੇ ਵਿਚ ਦੀਵਾ ਬਾਲਦਾ ਵੇਖ ਰਿਹਾ ਸੀ। ਉਸ ਬੁੱਢੇ ਦੀ ਉਸ ਵੱਲ ਪਿੱਠ ਸੀ।

ਉਸਦਾ ਸੰਘ ਜਿਵੇਂ ਖੁਸ਼ਕ ਹੋ ਗਿਆ ਸੀ। ਉਸ ਤੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ। ਅਖੀਰ ਉਸ ਪੂਰਾ ਤਾਣ ਲਾ ਕੇ ਉੱਚੀ ਦੇਣੇ ਆਖ ਹੀ ਦਿੱਤਾ ... “ਓਏ ਕਿਆ ਕਰਦਾਂ ਬਾਬੇ ਓਏ ...।”

ਤੇ ਫਿਰ ਉਸ ਦੀ ਜਾਗ ਖੁਲ੍ਹ ਗਈ। ਉਸ ਨੂੰ ਲੱਗਿਆ ਜਿਵੇਂ ਉਸ `ਤੇ ਚੜ੍ਹਿਆ ਕਈ ਦਿਨਾਂ ਦਾ ਬੋਝ ਲਹਿ ਗਿਆ ਹੋਵੇ।

 

============

 

ਮੰਗ

 

ਇਕ ਜਨਵਰੀ ਨੂੰ ਜੰਮੀ ਧੀ ਦਾ ਅੱਜ ਅਠਾਰਵਾਂ ਜਨਮ ਦਿਨ ਸੀ। ਪਿਤਾ ਦੇ ਕੰਮ ਵਿਚ ਉਹਦੇ ਜਨਮ ਤੋਂ ਹੀ ਵਾਧਾ ਹੋ ਗਿਆ ਸੀ।

ਅੱਜ ਪਿਤਾ ਦੁਕਾਨ ਤੋਂ ਕੁਝ ਦੇਰ ਨਾਲ ਘਰ ਆਇਆ। ਹਰੇਕ ਸਾਲ ਵਾਂਗ ਅੱਜ ਫੇਰ ਉਸ ਦੇ ਹੱਥਾਂ ਵਿਚ ਕੇਕ ਦਾ ਡੱਬਾ ਸੀ।

ਧੀ, ਮਾਂ ਤੇ ਵੱਡਾ ਭਰਾ-ਪਿਤਾ ਦੀ ਉਡੀਕ ਵਿਚ ਸਨ। ਖੁਸ਼ੀ ਖੁਸ਼ੀ ਕੇਕ ਦੀ ਰਸਮ ਪੂਰੀ ਹੋਈ। ਪਿਤਾ ਨੇ ਧੀ ਨੂੰ ਹੱਸਦੇ ਮੁਖੜੇ ਪੁੱਛਿਆ- 
“ਦੱਸ ਪੁੱਤ! ਇਸ ਵਾਰ ਤੈਨੂੰ ਕੀ ਲੈ ਕੇ ਦਈਏ?”

“ਮੈਨੂੰ ‘ਸੋਨੂੰ’ ਲੈ ਦਿਓ!” ਆਖ, ਧੀ ਮਾਂ ਵੱਲ ਤੱਕਣ ਲੱਗੀ।

ਤੇ ਪਿਤਾ ਅਤੇ ਭਰਾ ਦਾ ਹੱਸਦਾ ਚਿਹਰਾ ਸੂਰਜ ਵਾਂਗ ਭੱਖ ਗਿਆ।

 

============

 

ਸੱਚੀ ਗੱਲ

 

ਉਹ ਜਿਸ ਸੰਸਥਾ ਵਿਚ ਪੜ੍ਹਾਉਂਦਾ ਹੈ, ਉਥੇ ਕਾਲਜ ਪੱਧਰ ਦੇ ਮੁੰਡੇ-ਕੁੜੀਆਂ ਵੀ ਪੜ੍ਹਦੇ ਹਨ।

ਇਕ ਕੁੜੀ ਦਾ ਕੱਦ ਕਾਠ ਉਸ ਦੀ ਉਮਰ ਤੋਂ ਵੱਧ ਸੀ। ਉਸ ਦੇ ਸਡੋਲ ਸਰੀਰ ਤੇ ਮੋਹਤ ਹੋਇਆ ਉਹ, ਉਸ ਨਾਲ ਗੱਲਾਂ ਵਿਚ ਮਸਤ ਰਹਿੰਦਾ।

ਇਕ ਦਿਨ ਉਹ ਕਿਸੇ ਕਾਰਨ ਸੰਸਥਾ ਵਿਚ ਨਾ ਆਈ। ਬੱਚਿਆਂ ਨੂੰ ਬੀਤੇ ਦਿਨ ਦਾ ਪਾਠ ਯਾਦ ਕਰਨ ਲਈ ਆਖ, ਉਹ ਆਪਣੇ ਕਮਰੇ ਵਿਚ ਜਾ ਬੈਠਾ ਤੇ ਇਕ ਕਾਗਜ `ਤੇ ਆਪਣੇ ਦਿਲ ਦੀ ਬਿਆਨ ਦਿੱਤੀ।

ਦੂਜੇ ਦਿਨ ਰਸੈੱਸ ਸਮੇਂ ਉਹ ਕੁੜੀ, ਉਹਦੇ ਕਮਰੇ ਵਿਚ ਆਈ। ਉਹਦੇ ਉਤਾਵਲੇ ਹੱਥਾਂ ਨੇ ਦਰਾਜ ਵਿਚ ਪਏ ਕਾਗਜ ਨੂੰ ਉਹਦੇ ਹੱਥਾਂ ਤੀਕ ਪੁਜਦਾ ਕਰਦਿਆਂ ਉਹਦੀ ਜੀਭ ਨੇ ਤਰਲਾ ਲਿਆ - “ਰੈਨੂੰ ! ਇਸ ਪਾਠ `ਤੇ ਅਮਲ ਕਰ ਲਵੀਂ - ਚੰਗੇ ਨੰਬਰ ਆਉਣਗੇ।”

ਤੇ ਉਸਨੇ ਉਥੇ ਹੀ ਖੜ੍ਹੀ ਨੇ ਉਸ ਕਾਗਜ ਤੇ ਲਿਖਿਆ ਪਾਠ ਪੜ੍ਹ ਲਿਆ ਤੇ ਕਾਗਜ ਮੇਜ਼ ਹਵਾਲੇ ਕਰ, ਚਲੀ ਗਈ।

ਉਸ ਦੇ ਬਦਲਾਓ ਨੂੰ ਵੇਖ ਉਸ ਦੀ ਇਕ ਸਾਥਣ ਪੁੱਛ ਬੈਠੀ, “ਹੁਣ ਤੂੰ ਸਰ ਦੇ ਕਮਰੇ ਵਿਚ ਕਿਉਂ ਨਹੀਂ ਜਾਂਦੀ?”

ਤੇ ਉਹ ਚੇਹਰੇ ਤੇ ਕਰੋਧ ਲਿਆਂਦਿਆਂ ਬੋਲੀ, “ਸਰ ਜਿੰਨਾਂ ਬਾਹਰੋਂ ਕਾਲਾ ਹੈ ਉਨਾਂ ਅੰਦਰੋਂ ਵੀ ਕਾਲਾ ....।”

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The writer who got published First anthology of Mini Kahani Satwant Kainth