ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਕਿ ਕੇਰਲ ’ਚ ਨਿਪਾਹ ਵਾਇਰਸ ਤੋਂ ਪ੍ਰਭਾਵਿਤ ਕਿਸੇ ਨਵੇਂ ਮਰੀਜ਼ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਇਸ ਬੀਮਾਰੀ ਤੋਂ ਪੀੜਤ ਰੋਗੀ ਦੀ ਕਲੀਨੀਕਲ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਇਹ ਸਾਲ ਦੌਰਾਨ ਹਾਲੇ ਤੱਕ ਸਾਹਮਣੇ ਆਇਆ ਇਕਲੌਤਾ ਮਾਮਲਾ ਹੈ।
ਮੰਤਰੀ ਨੇ ਕਿਹਾ ਕਿ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ’ਚ ਤਿੰਨ ਜੂਨ ਨੂੰ ਨਿਪਾਹ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਵਾਇਰਸ ਤੋਂ ਗ੍ਰਸਤ ਕਾਲਜ ਵਿਦਿਆਰਥੀ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਨਿਪਾਹ ਵਾਇਰਸ ਨਾਲ ਪਿਛਲੇ ਸਾਲ ਮਈ ਮਹੀਨੇ ਕੇਰਲ ਸੂਬੇ ਵਿੱਚ 17 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ।
ਮੰਤਰੀ ਨੇ ਅੱਗੇ ਕਿਹਾ ਕਿ ਐਤਵਾਰ ਨੂੰਸਾਰੇ ਸ਼ੱਕੀ ਰੋਗੀਆਂ ਦੇ ਖ਼ੂਨ ਤੇ ਸੀਰਮ ਦੇ ਨਮੂਨੇ ਨੈਗੇਟਿਵ ਪਾਏ ਗਏ ਹਨ। ਅੱਠਵੇਂ ਰੋਗੀ ਦੇ ਨਮੂਨੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਰੋਗੀਆਂ ਨੂੰ ਏਰਨਾਕੁਲਮ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਸੀ।
ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੌਲੋਜੀ (NIV), ਪੁਣੇ ਨੇ ਕੇਰਲ ਦੇ ਇਡੁੱਕੀ ਜ਼ਿਲ੍ਹੇ ਤੋਡੂਪੁਜ਼ਾ ਤੋਂ ਤਿੰਨ ਸੂਰਾਂ ਤੇ ਲਗਭਗ 30 ਚਮਗਿੱਦੜਾਂ ਦੇ ਖ਼ੂਨ ਦੇ ਨਮੂਨੇ ਜਾਂਚ ਵਾਸਤੇ ਲਏ ਹਨ। ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂਰੋਗ ਸੰਸਥਾਨ ਦੇ ਮਾਹਿਰ ਜਾਂਚ ਵਿੱਚ ਕੇਰਲ ਦੇ ਪਸ਼ੂ ਪਾਲਣ ਵਿਭਾਗ ਦੀ ਮਦਦ ਕਰ ਰਹੇ ਹਨ।