ਦੁਰਗਾ ਪੂਜਾ, ਦੁਸਹਿਰਾ, ਦੀਵਾਲੀ ਤੇ ਹੋਰ ਬਹੁਤ ਸਾਰੇ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਦੇਸ਼ ਵਿੱਚ LPG (ਰਸੋਈ ਗੈਸ) ਸਿਲੰਡਰਾਂ ਦੀ ਕਿੱਲਤ ਹੋ ਸਕਦੀ ਹੈ। ਸਊਦੀ ਅਰਬ ਦੇ ਅਰਾਮਕੋ ਪਲਾਂਟ ਉੱਤੇ ਹੋਏ ਡ੍ਰੋਨ ਹਮਲੇ ਕਾਰਨ LPG ਦੀ ਸਪਲਾਈ ਘਟ ਗਈ ਹੈ। ਭਾਰਤ ਵਿੱਚ ਤਿਉਹਾਰਾਂ ਦੇ ਮੌਕੇ ਹਰ ਸਾਲ LPG ਦੀ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਜਿਹੀਆਂ ਕੰਪਨੀਆਂ ਹੁਣ ਤੇਜ਼ੀ ਨਾਲ ਇਸ ਗੱਲ ਵਿੱਚ ਲੱਗੀਆਂ ਹਲ ਕਿ ਦੀਵਾਲੀ ਤੋਂ ਪਹਿਲਾਂ ਦੇਸ਼ ਵਿੱਚ LPG ਸਿਲੰਡਰ ਦੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ। ਇੰਡੀਅਨ ਆਇਲ ਦੇ ਅਧਿਕਾਰੀਆਂ ਨੇ ਮੰਨਿਆ ਕਿ ਅਕਤੂਬਰ ਮਹੀਨੇ ਦੌਰਾਨ ਰਸੋਈ ਗੈਸ ਦੀ ਸਪਲਾਈ ਵਿੱਚ ਦੇਰੀ ਹੋ ਸਕਦੀ ਹੈ ਪਰ ਫਿਰ ਵੀ ਵਾਧੂ ਐਲਪੀਜੀ ਲੈਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ।
ਅਬੂਧਾਬੀ ਸਥਿਤ ਨੈਸ਼ਨਲ ਆਇਲ ਕੰਪਨੀ ਨੇ ਅਰਾਮਕੋ ਤੋਂ ਉਪਜੇ ਸੰਕਟ ਕਾਰਨ ਭਾਰਤ ਨੂੰ ਐਲਪੀਜੀ ਦੀਆਂ ਦੋ ਵਾਧੂ ਖੇਪਾਂ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਇਹ ਦੋਵੇਂ ਕਾਰਗੋ ਅਗਲੇ ਕੁਝ ਹਫ਼ਤਿਆਂ ਅੰਦਰ ਭਾਰਤ ਪੁੱਜਣਗੇ। ਭਾਰਤ ਦੁਨੀਆ ਵਿੱਚ LPG ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਉਹ ਆਪਣੀਆਂ ਜ਼ਰੂਰਤਾਂ ਦਾ ਲਗਭਗ ਅੱਧਾ ਹਿੱਸਾ ਸਊਦੀ ਅਰਬ, ਕਤਰ, ਓਮਾਨ ਤੇ ਕੁਵੈਤ ਜਿਹੇ ਵਿਦੇਸ਼ੀ ਸਪਲਾਇਰ ਤੋਂ ਲੈਂਦਾ ਹੈ।
ਦੇਸ਼ ਵਿੱਚ ਪਹਿਲਾਂ ਤੋਂ ਹੀ ਐੱਲਪੀਜੀ ਦੀ ਮੰਗ ਕਾਫ਼ੀ ਵਧੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਉਦੇਸ਼ਮੁਖੀ ਸਕੀਮ ‘ਉਜਵਲਾ’ ਰਾਹੀਂ ਹਰੇਕ ਗ਼ਰੀਬ ਪਰਿਵਾਰ ਨੂੰ LPG ਕੁਨੈਕਸ਼ਨ ਦਿੱਤਾ ਜਾ ਰਿਹਾ ਹੈ।