ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਾਬਕਾ ਵਿਦਿਆਰਥੀ ਅਤੇ ਸੀਪੀਆਈ ਨੇਤਾ ਕਨੱਈਆ ਕੁਮਾਰ ਨੇ ਜੇਐਨਯੂ ਹਿੰਸਾ ਲਈ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਦੀ ਮੰਗ ਦਾ ਸਮਰਥਨ ਕਰਦਿਆਂ ਸਾਲ 2016 ਤੋਂ ਲੈ ਕੇ ਹੁਣ ਤਕ ਦੀਆਂ ਘਟਨਾਵਾਂ ਲਈ ਭਾਜਪਾ ਅਤੇ ਉਸ ਦੀ ਵਿਚਾਰਧਾਰਾ 'ਤੇ ਜ਼ੋਰਦਾਰ ਹਮਲਾ ਕੀਤਾ।
ਕਨੱਈਆ ਨੇ ਕਿਹਾ ਕਿ ਭਾਵੇਂ ਸਾਨੂੰ ਦੇਸ਼ਧ੍ਰੋਹੀ ਕਿਹਾ ਜਾਵੇ ਜਾਂ ਕੁੱਝ ਹੋਰ, ਪਰ ਸਾਨੂੰ ਨੌਕਰੀ ਚਾਹੀਦੀ ਹੈ। ਜੇਐਨਯੂ ਹਿੰਸਾ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਾ ਹੋਣ 'ਤੇ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜੇਐਨਯੂ ਦੇ ਕੂੜੇ 'ਚੋਂ 3000 ਕੰਡੋਮ ਤਾਂ ਲੱਭ ਲਏ ਜਾਂਦੇ ਹਨ, ਪਰ ਸਾਢੇ ਤਿੰਨ ਸਾਲ ਤੋਂ ਗਾਇਬ ਉੱਥੇ ਦੇ ਵਿਦਿਆਰਥੀ ਨਜ਼ੀਬ ਅਹਿਮਦ ਨੂੰ ਨਹੀਂ ਲੱਭਿਆ ਜਾ ਸਕਿਆ।
ਜੇਐਨਯੂ ਦੇ ਉਪ ਕੁਲਪਤੀ ਨੂੰ ਹਟਾਉਣ ਦੀ ਮੰਗ ਲਈ ਜੇਐਨਯੂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਕਨੱਈਆ ਕੁਮਾਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਉਣ ਅਤੇ ਉਸ 'ਤੇ ਦੋਸ਼ ਲਗਾਉਣ ਨਾਲ ਦੇਸ਼ ਦੀਆਂ ਸਮੱਸਿਆਵਾਂ ਨਹੀਂ ਸੁਲਝਣਗੀਆਂ।
ਕਨੱਈਆ ਨੇ ਕਿਹਾ, "ਸਾਨੂੰ ਜਿੰਨੀਆਂ ਗਾਲਾਂ ਕੱਢਣੀਆਂ ਹਨ, ਕੱਢੋ। ਸਾਨੂੰ ਦੇਸ਼ਧ੍ਰੋਹੀ ਕਹਿ ਲਓ, ਪਰ ਇਸ ਨਾਲ ਬੱਚਿਆਂ ਨੂੰ ਨੌਕਰੀ ਨਹੀਂ ਮਿਲੇਗੀ। ਇਸ ਨਾਲ ਤੁਹਾਨੂੰ ਸੁਰੱਖਿਆ ਨਹੀਂ ਮਿਲੇਗੀ। ਇਸ ਨਾਲ ਤੁਹਾਡੀਆਂ ਜਰੂਰਤਾਂ ਪੂਰੀਆਂ ਨਹੀਂ ਹੋਣਗੀਆਂ। ਮੈਂ ਤੁਹਾਡੀ ਅੰਦਰੂਨੀ ਭੜਾਸ ਨੂੰ ਸਮਝ ਸਕਦਾ ਹਾਂ। ਇੱਥੇ ਦਾਖਲਾ ਲੈਣਾ ਆਸਾਨ ਨਹੀਂ ਹੈ।"