ਕੋਰੋਨਾ ਵਾਇਰਸ ਕਾਰਨ ਭਾਰਤ ’ਚ ਤੀਜੀ ਮੌਤ ਹੋ ਗਈ ਹੈ। ਏਐੱਨਆਈ ਮੁਤਾਬਕ ਕੋਰੋਨਾ ਨੇ ਹੁਣ ਮੁੰਬਈ ’ਚ 64 ਸਾਲਾ ਵਿਅਕਤੀ ਦੀ ਜਾਨ ਲਈ ਹੈ।
ਇਹ ਮੌਤ ਮੁੰਬਈ ਦੇ ਕਸਤੂਰਬਾ ਹਸਪਤਾਲ ’ਚ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸੂਬੇ ਕਰਨਾਟਕ ’ਚ ਤੇ ਦਿੱਲੀ ’ਚ ਇੱਕ–ਇੱਕ ਮੌਤ ਹੋ ਚੁੱਕੀ ਹੈ।
ਕਰਨਾਟਕ ਦੇ ਗੁਲਬਰਗਾ ਜ਼ਿਲ੍ਹੇ ’ਚ 76 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਦਿੱਲੀ ’ਚ 68 ਸਾਲਾਂ ਦੀ ਇੱਕ ਔਰਤ ਦੀ ਮੌਤ ਵੀ ਇਸੇ ਵਾਇਰਸ ਕਾਰਨ ਹੋ ਗਈ ਸੀ।
ਹੁਣ ਭਾਰਤ ’ਚ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 126 ਹੋ ਗਈ ਹੈ। ਪੰਜਾਬ ’ਚ ਹਾਲੇ ਤੱਕ ਸਿਰਫ਼ ਕੋਰੋਨਾ ਦੇ ਇੱਕੋ ਕੇਸ ਦੀ ਸ਼ਨਾਖ਼ਤ ਹੋਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਹੈ ਤੇ ਇਹ ਇਟਲੀ ਤੋਂ ਪਰਤਿਆ ਸੀ। ਇਸ ਵੇਲੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੱਦਾਖ, ਓੜੀਸ਼ਾ, ਜੰਮੂ–ਕਸ਼ਮੀਰ ’ਚ ਇੱਕ–ਇੱਕ ਤੇ ਕਰਨਾਟਕ ’ਚ ਕੋਰੋਨਾ ਦੇ ਦੋ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 126 ਤੱਕ ਪੁੱਜ ਗਈ ਹੈ। ਕਰਨਾਟਕ ’ਚ ਦੋ ਨਵੇਂ ਮਰੀਜ਼ਾਂ ਦੀ ਪੁਸ਼ਟੀ ਦੇਰ ਰਾਤੀਂ ਹੋਈ ਹੈ।
ਮਹਾਰਾਸ਼ਟਰ ’ਚ ਹੁਦ ਤੱਕ ਸਭ ਤੋਂ ਵੱਧ 39 ਕੇਸ ਸਾਹਮਣੇ ਆਏ ਹਨ। ਕੱਲ੍ਹ ਸੋਮਵਾਰ ਨੂੰ ਤਿੰਨ ਸਾਲਾਂ ਦੀ ਇੱਕ ਬੱਚੀ ਦਾ ਕੋਰੋਨਾ ਟੈਸਟ ਵੀ ਪਾਜ਼ਿਟਿਵ ਪਾਇਆ ਗਿਆ ਹੈ। ਬੱਚੀ ਦੇ ਮਾਤਾ–ਪਿਤਾ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹਨ।
ਇਸ ਦੌਰਾਨ ਮੁੰਬਈ ’ਚ ਸਿੱਧੀ ਵਿਨਾਇਕ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਪੰਜ ਵੱਧ ਜੋਖਮ ਵਾਲੇ ਖੇਤਰਾਂ ਤੋਂ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਯਾਤਰਾ–ਪਾਬੰਦੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਯੂਰੋਪੀਅਨ ਯੂਨੀਅਨ, ਤੁਰਕੀ ਤੇ ਇੰਗਲੈਂਡ ਤੋਂ ਆਉਣ ਵਾਲੇ ਯਾਤਰੀਆਂ ਉੱਤੇ 18 ਮਾਰਚ ਤੋਂ ਅਗਲੇ ਹੁਕਮਾਂ ਤੱਕ ਰੋਕ ਲਾਈ ਗਈ ਹੈ।
ਸਿਹਤ ਮੰਤਰਾਲੇ ਦੇ ਅਫ਼ਸਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਵਿਅਕਤੀਆਂ ਦੇ ਠੀਕ ਹੋਣ ਉੱਤੇ ਹਸਪਤਾਲ ’ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ; ਜਦ ਕਿ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਪੂਰਬੀ ਸੂਬੇ ਓੜੀਸ਼ਾ ’ਚ ਕੋਰੋਨਾ ਦੀ ਛੂ਼ਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ’ਚ ਬੀਤੇ ਦਿਨ ਆਏ ਨਵੇਂ ਮਾਮਲਿਆਂ ਨੂੰ ਤੁਰੰਤ ਕੁੱਲ ਮਾਮਲਿਆਂ ਵਿੱਚ ਸ਼ਾਮਲ ਨਹੀਂ ਕੀਤਾ ਹੈ। ਕੇਰਲ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ 23 ਦੇ ਮੁਕਾਬਲੇ ਰਾਜ ਵਿੱਚ 24 ਮਾਮਲੇ ਹੋਣ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 15 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਪੂਰੀ ਦੁਨੀਆ ਦੇ 135 ਦੇਸ਼ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਹੁਣ ਤੱਕ ਦੁਨੀਆ ਵਿੱਚ 7,007 ਵਿਅਕਤੀ ਮਾਰੇ ਜਾ ਚੁੱਕੇ ਹਨ।