ਜੰਮੂ–ਕਸ਼ਮੀਰ (J & K) ਦੇ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਨ ਤੋਂ ਬਾਅਦ ਆਈਪੀਐੱਸ (IPS) ਅਧਿਕਾਰੀ ਕੇ. ਵਿਜੇ ਕੁਮਾਰ ਸੂਬੇ ਦੇ ਪਹਿਲੇ ਉੱਪ–ਰਾਜਪਾਲ ਬਣ ਸਕਦੇ ਹਨ। ਤਾਮਿਲ ਨਾਡੂ ਕਾਡਰ ਦੇ 1975 ਬੈਚ ਦੇ ਆਈਪੀਐੱਸ ਵਿਜੇ ਕੁਮਾਰ ਹਾਲੇ ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ।
ਵਿਜੇ ਕੁਮਾਰ ਪਹਿਲਾਂ ਬੀਐੱਸਐੱਫ਼ (BSF) ਦੇ IG ਵਜੋਂ ਵੀ ਕਸ਼ਮੀਰ ਵਾਦੀ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉੱਪ–ਰਾਜਪਾਲ ਲਈ ਕੇਂਦਰ ਸਰਕਾਰ ਦੇ ਵਿਸ਼ੇਸ਼ ਪ੍ਰਤੀਨਿਧ ਦਿਨੇਸ਼ਵਰ ਸ਼ਰਮਾ ਦਾ ਨਾਂਅ ਵੀ ਚੱਲ ਰਿਹਾ ਹੈ। ਦਿਨੇਸ਼ਵਰ ਸ਼ਰਮਾ ਖ਼ੁਫ਼ੀਆ ਬਿਊਰੋ (IB) ਦੇ ਡਾਇਰੈਕਟਰ ਰਹਿ ਚੁੱਕੇ ਹਨ।
ਆਈਪੀਐੱਸ ਅਧਿਕਾਰੀ ਕੇ. ਵਿਜੇ ਕੁਮਾਰ ਜੰਗਲ਼ਾਂ ਵਿੱਚ ਅੱਤਵਾਦੀ ਮੁਹਿੰਮਾਂ ਚਲਾਉਣ ਦੇ ਮਾਹਿਰ ਮੰਨੇ ਜਾਂਦੇ ਹਨ। ਸਾਲ 2010 ਵਿੱਚ ਛੱਤੀਸਗੜ੍ਹ ਦੇ ਦੰਤੇਵਾੜਾ ’ਚ ਨਕਸਲੀ ਹਮਲੇ ਵਿੱਚ ਸੀਆਰਪੀਐੱਫ਼ ਦੇ 75 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵਿਜੇ ਕੁਮਾਰ ਨੂੰ ਸੀਆਰਪੀਐੱਫ਼ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।
ਇਸ ਤੋਂ ਬਾਅਦ ਨਕਸਲੀ ਗਤੀਵਿਧੀਆਂ ਵਿੰਚ ਵੀ ਭਾਰੀ ਕਮੀ ਆਈ ਸੀ। ਸ੍ਰੀ ਵਿਜੇ ਕੁਮਾਰ ਨੇ ਹੀ ਤਾਮਿਲ ਨਾਡੂ ਦੇ ਜੰਗਲ਼ਾਂ ਵਿੱਚ ਲੁਕ ਕੇ ਰਹਿੰਦੇ ਰਹੇ ਚੰਦਨ ਦੀ ਲੱਕੜੀ ਦੇ ਸਮੱਗਲਰ ਵੀਰੱਪਨ ਨੂੰ ਮਾਰਿਆ ਸੀ।