ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਪੀ. ਚਿਦੰਬਰਮ ਨੇ ਵਿਸ਼ਵ ਲੋਕਤੰਤਰ ਸੂਚਕ–ਅੰਕ ਵਿੱਚ ਭਾਰਤ ਦੇ 10 ਸਥਾਨ ਹੇਠਾਂ ਡਿੱਗ ਜਾਣ ਨੂੰ ਆਧਾਰ ਬਣਾ ਕੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵਿੱਚ ਜਮਹੂਰੀ ਸੰਸਥਾਨਾਂ ਨੂੰ ਸ਼ਕਤੀਹੀਣ ਕਰ ਦਿੱਤਾ ਗਿਆ ਹੈ ਤੇ ਕੇਂਦਰ ਦੀ ਸੱਤਾ ਵਿੱਚ ਬੈਠੇ ਲੋਕ ਹੀ ਅਸਲੀ ‘ਟੁਕੜੇ–ਟੁਕੜੇ ਗੈਂਗ’ ਹਨ।
ਸਾਬਕਾ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਟਵੀਟ ਕੀਤਾ – ‘ਭਾਰਤ ਲੋਕਤੰਤਰ ਸੂਚਕ–ਅੰਕ ਵਿੱਚ 10 ਸਥਾਨ ਹੇਠਾਂ ਚਲਾ ਗਿਆ ਹੈ। ਪਿਛਲੇ ਦੋ ਸਾਲਾਂ ਦੇ ਸਿਆਸੀ ਘਟਨਾਕ੍ਰਮਾਂ ਉੱਤੇ ਬਾਰੀਕੀ ਨਾਲ ਨਜ਼ਰ ਰੱਖਣ ਵਾਲਾ ਹਰੇਕ ਵਿਅਕਤੀ ਇਹ ਜਾਣਦਾ ਹੈ ਕਿ ਲੋਕਤੰਤਰ ਨੂੰ ਖ਼ਤਮ ਕੀਤਾ ਗਿਆ ਹੈ ਤੇ ਲੋਕਤੰਤਰਿਕ ਸੰਸਥਾਨਾਂ ਨੂੰ ਸ਼ਕਤੀਹੀਣ ਕਰ ਦਿੱਤਾ ਗਿਆ ਹੈ।’
ਸ੍ਰੀ ਚਿਦੰਬਰਮ ਨੇ ਦੋਸ਼ ਲਾਇਆ ਕਿ ਜਿਹੜੇ ਲੋਕ ਸੱਤਾ ’ਚ ਹਨ, ਦਰਅਸਲ ਉਹੀ ਟੁਕੜੇ–ਟੁਕੜੇ ਗੈਂਗ ਹਨ। ਉਨ੍ਹਾਂ ਕਿਹਾ ਕਿ ਭਾਰਤ ਜਿਸ ਦਿਸ਼ਾ ਵੱਲ ਵਧ ਰਿਹਾ ਹੈ, ਉਸ ਤੋਂ ਦੁਨੀਆ ’ਚ ਕਈ ਤਰ੍ਹਾਂ ਦੇ ਖ਼ਦਸ਼ੇ ਪੈਦਾ ਹੋ ਗਏ ਹਨ। ਹਰੇਕ ਦੇਸ਼ ਭਗਤ ਭਾਰਤੀ ਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ।
ਇੱਥੇ ਵਰਨਣਯੋਗ ਹੈ ਕਿ ‘ਦਿ ਇਕੌਨੋਮਿਸਟ ਇੰਟੈਲੀਜੈਂਸ ਯੂਨਿਟ’ (EIU) ਵੱਲੋਂ ਸਾਲ 2019 ਲਈ ਵਿਸ਼ਵ ਲੋਕਤੰਤਰ ਸੂਚਕ–ਅੰਕ ਦੀ ਸੂਚੀ ਵਿੱਚ ਭਾਰਤ 10 ਸਥਾਨ ਹੇਠਾਂ ਡਿੱਗ ਕੇ 51ਵੇਂ ਸਥਾਨ ’ਤੇ ਆ ਗਿਆ ਹੈ। ਸੰਸਥਾ ਨੇ ਇਸ ਗਿਰਾਵਟ ਦਾ ਮੁੱਖ ਕਾਰਨ ਦੇਸ਼ ਵਿੱਚ ਨਾਗਰਿਕਾਂ ਦੀ ਆਜ਼ਾਦੀ ਨੂੰ ਖੋਰਾ ਲੱਗਣਾ ਦੱਸਿਆ ਹੈ।
ਸੂਚੀ ਮੁਤਾਬਕ ਭਾਰਮ ਦਾ ਕੁੱਲ ਅੰਕ ਸਾਲ 2018 ਦੌਰਾਨ 7.23 ਸੀ, ਜੋ ਹੁਣ ਘਟ ਕੇ 6.90 ਰਹਿ ਗਿਆ ਹੈ ਇਹ ਵਿਸ਼ਵ–ਸੂਚੀ 165 ਆਜ਼ਾਦ ਦੇਸ਼ਾਂ ਤੇ ਦੋ ਦੇਸ਼ਾਂ ’ਚ ਲੋਕਤੰਤਰ ਦੀ ਮੌਜੂਦਾ ਹਾਲਤ ਦਾ ਇੱਕ ਖ਼ਾਕਾ ਪੇਸ਼ ਕਰਦੀ ਹੈ।