ਸਾਲ 2012 ਦੇ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਤਿੰਨ ਦੋਸ਼ੀਆਂ ਵੱਲੋਂ ਹੁਣ ਫਾਂਸੀ ਤੋਂ ਬਚਣ ਲਈ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਇਰ ਕਰ ਸਕਦੇ ਹਨ। ਉਹ ਆਪਣੇ ਵਿਵਹਾਰ ’ਚ ਸੁਧਾਰ ਦਾ ਹਵਾਲਾ ਦੇ ਸੁਪਰੀਮ ਕੋਰਟ ’ਚ ਆਪਣੀਆਂ ਪਟੀਸ਼ਨਾਂ ਦਾਇਰ ਕਰਨਗੇ।
ਦੋਸ਼ੀਆਂ ਦੇ ਵਕੀਲ ਏਪੀ ਸਿੰਘ ਲੇ ਕਿਹਾ ਕਿ ਤਿਹਾੜ ਜੇਲ੍ਹ ’ਚੋਂ ਕੁਝ ਦਸਤਾਵੇਜ਼ ਮਿਲਣ ਵਿੱਚ ਹੋਈ ਦੇਰੀ ਕਾਰਨ ਪਟੀਸ਼ਨ ਦਾਇਰ ਕਰਨ ’ਚ ਦੇਰੀ ਹੋ ਰਹੀ ਹੈ।
ਮੀਡੀਆ ਰਿਪੋਰਟ ਅਨੁਸਾਰ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਪ੍ਰਸ਼ਾਸਨ ਤੋਂ ਤਿੰਨੇ ਦੋਸ਼ੀਆਂ ਦੇ ਚੰਗੇ ਵਿਵਹਾਰ ਨਾਲ ਜੁੜੀ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਅਦਾਲਤ ਦੋਸ਼ੀਆਂ ਦੇ ਵਧੀਆ ਵਿਵਹਾਰ ਨੂੰ ਵੇਖਦਿਆਂ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦੇਵੇਗੀ।
ਵਕੀਲ ਨੇ ਦੰਸਿਆ ਕਿ ਉਨ੍ਹਾਂ ਨੂੰ ਜੇਲ੍ਹ ਨੰਬਰ ਤਿੰਨ ਵਿੱਚ ਬੰਦ ਆਪਣੇ ਮੁਵੱਕਿਲਾਂ ਨੂੰ ਮਿਲਣ ’ਚ ਬਹੁਤ ਔਕੜ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ’ਚ ਰਹਿੰਦਿਆਂ ਵਿਨੇ ਨੇ ਚੰਗੇ ਕੰਮ ਕੀਤੇ ਹਨ। ਉਸ ਨੇ ਇੱਕ ਤਣਾਅਗ੍ਰਸਤ ਕੈਦੀ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਇਆ ਸੀ।
ਇਸ ਤੋਂ ਇਲਾਵਾ ਉਸ ਨੇ ਵਧੀਆ ਪੇਂਟਿੰਗ ਵੀ ਕੀਤੀ ਹੈ। ਉਹ ਖ਼ੂਨਦਾਨ ਕੈਂਪਾਂ ਵਿੱਚ ਵੀ ਸ਼ਾਮਲ ਰਿਹਾ ਹੈ। ਅਕਸ਼ੇ ਵੀ ਜੇਲ੍ਹ ’ਚ ਹੋਣ ਵਾਲੇ ਸੁਧਾਰ ਦੇ ਕੰਮਾਂ ਵਿੱਚ ਵਧ–ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ।
ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਕਿਹਾ ਸੀ ਕਿ ਅਦਾਲਤ ’ਚੋਂ ਡੈੱਥ–ਵਾਰੰਟ ਜਾਰੀ ਹੋਣ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਅਮਲ ’ਚ ਲਿਆਉਣੀ ਚਾਹੀਦੀ ਸੀ, ਅਸੀਂ ਉਹ ਸਭ ਅਪਣਾ ਰਹੇ ਹਾਂ। ਇਸੇ ਤਹਿਤ ਚਾਰੇ ਅਪਰਾਧੀਆਂ ਤੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਖ਼ਰੀ ਇੱਛਾ ਵੀ ਕੁਝ ਦਿਨ ਪਹਿਲਾਂ ਪੁੱਛੀ ਸੀ। ਹਾਲੇ ਤੱਕ ਚਾਰਾਂ ਵਿੱਚੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੈ।