ਭਿਵਾਨੀ ਸੜਕ 'ਤੇ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ 8 ਲੋਕਾਂ ਨੂੰ ਬੇਕਾਬੂ ਕਾਰ ਨੇ ਦਰੜ ਦਿੱਤਾ, ਜਿਸ ਕਾਰਨ 3 ਦੀ ਮੌਤ ਹੋ ਗਈ, ਜਦਕਿ 3 ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦਾ ਇਲਾਜ ਪੀਜੀਆਈ ਰੋਹਤਕ 'ਚ ਚੱਲ ਰਿਹਾ ਹੈ। ਮ੍ਰਿਤਕਾਂ 'ਚ ਅਜਮੇਰ ਬਸਤੀ ਵਾਸੀ ਪਿਓ-ਪੁੱਤਰ ਰਾਜੂ (55) ਤੇ ਮੋਨੂੰ (24) ਅਤੇ ਮੋਹਿਤ (17) ਸ਼ਾਮਿਲ ਹਨ।
ਰਾਜੂ, ਮੋਨੂੰ ਤੇ ਮੋਹਿਤ ਤੋਂ ਇਲਾਵਾ 5 ਹੋਰ ਲੋਕ ਵੇਟਰ ਦਾ ਕੰਮ ਕਰਨ ਲਈ ਭਕਲਾਨਾ ਜ਼ਿਲ੍ਹਾ ਹਿਸਾਰ ਜਾ ਰਹੇ ਸਨ। ਸਵੇਰੇ 8 ਵਜੇ ਘਰ ਤੋਂ ਨਿਕਲਣ ਤੋਂ ਬਾਅਦ ਉਹ ਪਿੰਡ ਭਕਲਾਣਾ ਜਾਣ ਲਈ ਕਰਮਗੜ੍ਹ ਮੋੜ 'ਤੇ ਕਿਸੇ ਗੱਡੀ ਦਾ ਇੰਤਜਾਰ ਕਰ ਰਹੇ ਸਨ। ਇਸ ਦੌਰਾਨ ਜੀਂਦ ਵੱਲੋਂ ਆ ਰਹੀ ਇੱਕ ਬੇਕਾਬੂ ਕਾਰ ਨੇ ਭਿਵਾਨੀ ਸੜਕ ਦੇ ਕੰਢੇ ਅੱਗ ਸੇਕ ਰਹੇ ਲੋਕਾਂ ਨੂੰ ਦਰੜ ਦਿੱਤਾ।
ਕਾਰ ਦੀ ਲਪੇਟ 'ਚ ਆਉਣ ਕਾਰਨ ਰਾਜੂ, ਮੋਨੂੰ, ਮੋਹਿਤ, ਸੋਨੂੰ, ਸਤੀਸ਼ ਤੇ ਅਮਰੂਦੀਨ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਸੰਦੀਪ ਤੇ ਬਾਦਸ਼ਾਹ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਜੀਂਦ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਜੂ, ਮੋਨੂੰ ਤੇ ਮੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਤੋਂ ਇਲਾਵਾ ਸੋਨੂੰ (23), ਸਤੀਸ਼ (25) ਤੇ ਅਮਰੂਦੀਨ (35) ਦੀ ਹਾਲਤ ਗੰਭੀਰ ਵੇਖਦਿਆਂ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਸੜਕ ਤੋਂ ਲਗਭਗ 30 ਫੁੱਟ ਦੂਰ ਜਾ ਕੇ ਪਲਟ ਗਈ। ਪੁਲਿਸ ਨੇ ਕਾਰ ਚਾਲਕ ਸੰਗਰੂਰ ਵਾਸੀ ਹਰਦੀਪ ਸਿੰਘ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।