ਜੰਮੂ–ਕਸ਼ਮੀਰ ਦੇ ਸ਼ਹਿਰ ਅਨੰਤਨਾਗ ’ਚ ਸੁਰੱਖਿਆ ਬਲਾਂ ਨੂੰ ਮੰਗਲਵਾਰ ਦੇਰ ਰਾਤੀਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ। ਉਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਮੁੱਚੇ ਇਲਾਕੇ ਨੂੰ ਘੇਰਾ ਪਾ ਲਿਆ। ਅੱਜ ਬੁੱਧਵਾਰ ਤੜਕੇ ਅੱਤਵਾਦੀਆਂ ਨੇ ਖ਼ੁਦ ਨੂੰ ਘਿਰੇ ਵੇਖ ਕੇ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਪੰਜ ਘੰਟਿਆਂ ਤੋਂ ਚੱਲ ਰਹੇ ਇਸ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਦੱਖਣੀ ਕਸ਼ਮੀਰ ’ਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਹਮਲਾ ਕੀਤਾ। ਸੋਮਵਾਰ ਨੂੰ ਸ਼ੋਪੀਆਂ ’ਚ ਸੇਬ ਲੱਦ ਰਹੇ ਟਰੱਕ ਡਰਾਇਵਰ ਦੇ ਕਤਲ ਤੋਂ ਬਾਅਦ ਮੰਗਲਵਾਰ ਸ਼ਾਮੀਂ ਪੁਲਵਾਮਾ ਚੌਕ ਉੱਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਹਮਲਾ ਕੀਤਾ।
ਗ੍ਰੇਨੇਡ ਸੜਕ ਉੱਤੇ ਡਿੱਗ ਕੇ ਫਟਿਆ ਨਹੀਂ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਸੁਰੱਖਿਆ ਬਲਾਂ ਨੇ ਪੂਰਾ ਇਲਾਕਾ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸ਼ੋਪੀਆਂ ’ਚ ਟਰੱਕ ਡਰਾਇਵਰ ਦੇ ਕਤਲ ਤੋਂ ਬਾਅਦ ਪੁਲਿਸ ਨੇ 15 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਮੁਢਲੀ ਛਾਣਬੀਦ ’ਚ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਘਟਨਾ ਵਿੱਚ ਚਾਰ ਅੱਤਵਾਦੀ ਸ਼ਾਮਲ ਸਨ; ਜਿਨ੍ਹਾਂ ਵਿੱਚੋਂ ਇੱਕ ਦੇ ਪਾਕਿਸਤਾਨੀ ਹੋਣ ਦਾ ਸ਼ੱਕ ਹੈ। ਦੋ ਅੱਤਵਾਦੀ ਟਰੱਕ ਦੇ ਅੱਗੇ ਤੇ ਦੋ ਪਿੱਛੇ ਸਨ।
ਇਸ ਘਟਨਾ ਪਿੱਛੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਪੋਸਟ–ਮਾਰਟਮ ਤੋਂ ਬਾਅਦ ਟਰੱਕ ਡਰਾਇਵਰ ਦੀ ਮ੍ਰਿਤਕ ਦੇਹ ਰਾਜਸਥਾਨ ਭੇਜ ਦਿੱਤੀ ਗਈ ਹੈ। ਸ਼ੋਪੀਆਂ ਜ਼ਿਲ੍ਹੇ ਦੇ ਸਿੰਧ ਸਰਮਾਲ ਇਲਾਕੇ ਵਿੱਚ ਅੱਤਵਾਦੀਆਂ ਨੇ ਸੇਬ ਲੱਦ ਰਹੇ ਰਾਜਸਥਾਨ ਨੰਬਰ ਦੇ ਟਰੱਕ ਡਰਾਇਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।