ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇੱਕ ਫ਼ਰਵਰੀ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਦਿੱਲੀ ਗੈਂਗਰੇਪ–ਕਤਲ ਕਾਂਡ ਦੇ ਚਾਰ ਦੋਸ਼ੀਆਂ ਤੋਂ ਉਨ੍ਹਾਂ ਦੀ ਆਖ਼ਰੀ ਇੱਛਾ ਪੁੱਛੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਚਾਰੇ ਦੋਸ਼ੀਆਂ ਨੂੰ ਬਾਕਾਇਦਾ ਨੋਟਿਸ ਦੇ ਕੇ ਜੇਲ੍ਹ ਪ੍ਰਸ਼ਾਸਨ ਨੇ ਪੁੱਛਿਆ ਕਿ 1 ਫਰ਼ਵਰੀ ਨੂੰ ਤੈਅ ਫਾਂਸੀ ਤੋਂ ਪਹਿਲਾਂ ਉਹ ਆਖ਼ਰੀ ਵਾਰ ਕਿਸ ਨੂੰ ਮਿਲਣਾ ਚਾਹੁੰਦੇ ਹਨ? ਆਪਣੇ ਨਾਂਅ ਦੀ ਜਾਇਦਾਦ ਕਿਸ ਦੇ ਨਾਂਅ ਟ੍ਰਾਂਸਫ਼ਰ ਕਰਵਾਉਣਾ ਚਾਹੁੰਦੇ ਹਨ? ਕੋਈ ਧਾਰਮਿਕ ਕਿਤਾਬ ਪੜ੍ਹਨੀ ਚਾਹੁੰਦੇ ਹਨ ਜਾਂ ਕਿਸੇ ਧਾਰਮਿਕ ਸ਼ਖ਼ਸੀਅਤ ਨੂੰ ਸੱਦਣਾ ਚਾਹੁੰਦੇ ਹਨ।
ਇੱਕ ਫ਼ਰਵਰੀ ਤੋਂ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਇੱਛਾਵਾਂ ਦੀ ਪੂਰਤੀ ਕਰੇਗਾ। ਉੱਧਰ ਦਿੱਲੀ ਸਮੂਹਕ ਬਲਾਤਕਾਰ–ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਵੀ ਆਖਿਆ ਜਾਂਦਾ ਹੈ) ਦੇ ਚਾਰੇ ਦੋਸ਼ੀ ਆਪਣੀ ਫਾਂਸੀ ਦੀ ਸਜ਼ਾ ਨੂੰ ਹੋਰ ਲੰਮਾ ਖਿੱਚਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ।
ਜੇਲ੍ਹ ਸੂਤਰਾਂ ਮੁਤਾਬਕ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਨੇ ਫਾਂਸੀ ਦੇ ਡਰ ਕਾਰਨ ਦੋ ਦਿਨਾਂ ਤੱਕ ਖਾਣਾ ਨਹੀਂ ਖਾਧਾ। ਬੁੱਧਵਾਰ ਨੁੰ ਉਸ ਨੂੰ ਖਾਣਾ ਖਾਣ ਲਈ ਆਖਿਆ ਗਿਅ, ਤਾਂ ਉਸ ਤੋਂ ਬਹੁਤ ਥੋੜ੍ਹਾ ਜਿਹਾ ਖਾਧਾ ਗਿਆ। ਪਵਨ ਬਹੁਤ ਘੱਟ ਖਾਣਾ ਖਾ ਰਿਹਾ ਹੈ। ਮੁਕੇਸ਼ ਤੇ ਅਕਸ਼ੇ ਆਮ ਵਾਂਗ ਖਾਣਾ ਖਾ ਰਹੇ ਹਨ।
ਮੁਕੇਸ਼ ਆਪਣੀ ਫਾਂਸੀ ਨੂੰ ਟਾਲਣ ਲਈ ਆਪਣੇ ਬਚਾਅ ਵਿੱਚ ਸਾਰੇ ਕਾਨੂੰਨੀ ਦਾਅ–ਪੇਚ ਅਜ਼ਮਾ ਚੁੰਕਾ ਹੈ। ਉਸ ਦੀ ਰਹਿਮ ਦੀ ਪਟੀਸ਼ਨ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰੱਦ ਹੋ ਚੁੱਕੀ ਹੈ।
ਜੇਲ ਸੂਤਰਾਂ ਮੁਤਾਬਕ ਚਾਰੇ ਦੋਸ਼ੀਆਂ ਨੂੰ ਤਿਹਾੜ ਦੇ ਜੇਲ੍ਹ ਨੰਬਰ–3 ਦੀਆਂ ਵੱਖੋ–ਵੱਖਰੀਆਂ ਕੋਠੜੀਆਂ ’ਚ ਰੱਖਿਆ ਗਿਆ ਹੈ। ਹਰੇਕ ਦੋਸ਼ੀ ਦੇ ਸੈੱਲ ਦੇ ਬਾਹਰ ਦੋ ਸੁਰੱਖਿਆ ਗਾਰਡ ਤਾਇਨਾਤ ਹਨ। ਹਰੇਕ ਦੋ ਘੰਟਿਆਂ ’ਚ ਗਾਰਡ ਨੂੰ ਆਰਾਮ ਦਿੱਤਾ ਜਾਂਦਾ ਹੈ ਤੇ ਦੂਜੇ ਗਾਰਡ ਸ਼ਿਫ਼ਟ ਸੰਭਾਲਦੇ ਹਨ। ਇੰਝ ਚਾਰੇ ਦੋਸ਼ੀਆਂ ਲਈ ਕੁੱਲ 32 ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ। ਹਨ।
ਇਨ੍ਹਾਂ ਚਾਰਾਂ ਨੂੰ ਅਗਲੇ ਮਹੀਨੇ 1 ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ।