ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਦੇ ਇਕ ਵਿਧਾਇਕ ਅਤੇ ਪਾਰਟੀ ਦੇ 12 ਕੌਂਸਲਰਾਂ ਨੇ ਸੋਮਵਾਰ ਨੂੰ ਭਾਜਪਾ ਦਾ ਪੱਲਾ ਫੜ ਲਿਆ। ਨੋਆਪਾੜਾ ਦੇ ਵਿਧਾਇਕ ਸੁਨੀਲ ਸਿੰਘ ਤ੍ਰਿਣਮੂਲ ਦੇ 12 ਕੌਂਸਲਰਾਂ ਅਤੇ ਕਾਂਗਰਸ ਦੇ ਇਕ ਕੌਂਸਲਰ ਨਾਲ ਭਾਜਪਾ ਦੇ ਸੂਬਾਈ ਪ੍ਰਧਾਨ ਕੈਲਾਸ਼ ਵਿਜੇਵਰਗੀ ਅਤੇ ਸੀਨੀਅਰ ਨੇਤਾ ਮੁਕੁਲ ਰਾਏ ਦੀ ਹਾਜ਼ਰੀ ਚ ਭਾਜਪਾ ਚ ਸ਼ਾਮਲ ਹੋ ਗਏ।
ਵਿਧਾਇਕ ਸੁਨੀਲ ਸਿੰਘ ਸੰਸਦ ਮੈਂਬਰ ਅਰਜੁਨ ਸਿੰਘ ਦੇ ਰਿਸ਼ਤੇਵਾਰ ਹਨ। ਅਰਜੁਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ। ਹਾਲ ਹੀ ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਚ ਉਨ੍ਹਾਂ ਨੇ ਬੈਕਰਪੁਰ ਸੰਸਦੀ ਸੀਟ ਜਿੱਤੀ ਹੈ।
ਤ੍ਰਿਣਮੂਲ ਚ ਕਦੇ ਦੂਜੇ ਨੰਬਰ ਦੇ ਨੇਤਾ ਰਹੇ ਮੁਕੁਲ ਰਾਏ ਨੇ ਇਸ ਮੌਕੇ ਕਿਹਾ ਕਿ ਹੁਣ ਤਕ ਵੱਖੋ ਵੱਖਰੀਆਂ ਪਾਰਟੀਆਂ ਤੋਂ 10 ਵਿਧਾਇਕ ਭਾਜਪਾ ਚ ਸ਼ਾਮਲ ਹੋਏ ਹਨ।
.