ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਕੈਂਟ ਇਲਾਕੇ ਦੀ ਇਕ ਵਿਆਹੁਤਾ ਔਰਤ ਨੇ ਆਪਣੇ ਸਹੁਰਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ਕੀਤੀ ਹੈ ਕਿ ਉਸ ਦਾ ਪਤੀ ਨਪੁੰਸਕ ਹੈ। ਇਸ ਗੱਲ ਨੂੰ ਲੁਕਾਉਣ ਲਈ ਧੋਖੇ ਨਾਲ ਦਿਓਰ ਨਾਲ ਸਬੰਧ ਬਣਾਇਆ ਗਿਆ। ਫਿਰ ਇਸ ਨੂੰ ਲੁਕਾਉਣ ਲਈ ਵਾਇਰਲ ਹੋਣ ਦੀ ਧਮਕੀ ਦਿੱਤੀ ਜਾਣ ਲੱਗੀ। ਕੈਂਟ ਪੁਲਿਸ ਨੇ ਉਸ ਦੇ ਪਤੀ, ਦਿਓਰ ਅਤੇ ਹੋਰ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਔਰਤ ਅਨੁਸਾਰ ਉਸ ਦਾ ਵਿਆਹ ਮਿਰਜ਼ਾਪੁਰ ਦੇ ਅਹਰੌਰਾ ਵਿੱਚ 2017 ਵਿੱਚ ਹੋਇਆ ਸੀ। ਜਦੋਂ ਸਹੁਰੇ ਗਈ ਤਾਂ ਪਤਾ ਲੱਗਿਆ ਕਿ ਪਤੀ ਨਪੁੰਸਕ ਹੈ। ਵਿਰੋਧ ਕਰਨ 'ਤੇ ਸਹੁਰਿਆਂ ਦੇ ਲੋਕਾਂ ਨੇ ਸਭ ਕੁਝ ਠੀਕ ਹੋਣ ਦਾ ਭਰੋਸਾ ਦਿੱਤਾ। ਦਿਓਰ ਨਾਲ ਪਤਨੀ ਵਾਂਗ ਰਹਿਣ ਤੇ ਮਾਂ ਬਣਨ ਦਾ ਦਬਾਅ ਬਣਾਇਆ। ਉਹ ਤਿਆਰ ਨਹੀਂ ਹੋਈ ਤਾਂ ਪਤੀ ਦੇ ਜਨਮ ਦਿਨ ਦੇ ਬਹਾਨੇ ਪਾਰਟੀ ਰੱਖੀ ਗਈ।
ਉਸ ਸਮੇਂ ਦੌਰਾਨ ਕੋਲਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਗਿਆ। ਹੋਸ਼ ਵਿੱਚ ਆਈ ਤਾਂ ਉਹ ਅਤੇ ਉਸ ਦਾ ਦਿਓਰ ਇੱਕ ਬਿਸਤਰ ਉੱਤੇ ਸਨ। ਜਦੋਂ ਚੀਕਦੇ ਹੋਈ ਕਮਰੇ ਵਿੱਚੋਂ ਬਾਹਰ ਆਈ ਤਾਂ ਸੱਸ ਅਤੇ ਹੋਰਾਂ ਨੇ ਧਮਕੀ ਦਿੱਤੀ ਕਿ ਵੀਡੀਓ ਬਣਾਈ ਗਈ ਹੈ ਜਿਸ ਨੂੰ ਵਾਇਰਲ ਕਰ ਦਿੱਤਾ ਜਾਵੇਗਾ।
ਇਸ ਕਿਸਮ ਦੀ ਘਟਨਾ ਕਈ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ। ਕਿਸੇ ਤਰ੍ਹਾਂ ਸਤੰਬਰ 2019 ਵਿੱਚ ਪੇਕੇ ਆਈ ਅਤੇ ਪਰਿਵਾਰਕ ਮੈਂਬਰਾਂ ਨੂੰ ਹੱਡਬੀਤੀ ਦੱਸੀ। ਮੁੜ ਤੋਂ ਫੋਨ ਕਰਕੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਸਹੁਰੇ ਘਰ ਬੁਲਾਇਆ ਜਾ ਰਿਹਾ ਹੈ।