ਨਵਾਂ ਸਾਲ 2020 ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣ ਲਈ ਵੱਡੀ ਗਿਣਤੀ 'ਚ ਸੈਲਾਨੀ ਸ਼ਿਮਲਾ, ਮਨਾਲੀ, ਡਲਹੌਜੀ ਸਮੇਤ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। ਬੀਤੇ ਐਤਵਾਰ ਤੋਂ ਹੀ ਇਨ੍ਹਾਂ ਥਾਵਾਂ 'ਤੇ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਅੱਜ ਮੰਗਲਵਾਰ ਨੂੰ ਵੀ ਲਗਾਤਾਰ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਇਸ ਕਾਰਨ ਇਨ੍ਹਾਂ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਪਾਰਕਿੰਗਾਂ ਅਤੇ ਹੋਟਲ ਫੁੱਲ ਹੋ ਗਏ ਹਨ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ 'ਚ ਹੋਟਲਾਂ ਦੇ ਕਰੀਬ 30 ਹਜ਼ਾਰ ਕਮਰਿਆਂ 'ਚ 100% ਬੁਕਿੰਗ ਹੋ ਚੁੱਕੀ ਹੈ। ਸ਼ਿਮਲਾ 'ਚ ਨਵੇਂ ਸਾਲ ਤੋਂ ਪਹਿਲਾਂ ਹੀ 4 ਜਨਵਰੀ ਤਕ ਸਾਰੇ ਹੋਟਲ ਬੁੱਕ ਹੋ ਚੁੱਕੇ ਹਨ।
ਸ਼ਿਮਲਾ 'ਚ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ ਖਾਸ ਪ੍ਰਬੰਧ ਕੀਤੇ ਹਨ। ਵਾਧੂ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਐਸਪੀ ਸ਼ਿਮਲਾ ਨੇ ਦੱਸਿਆ ਕਿ 400 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਸ਼ਿਮਲਾ ਦੇ ਸ਼ੋਘੀ ਬੈਰੀਅਰ ਅਤੇ ਟੂਟੀਕੰਡੀ 'ਚ ਹੈਲਪ ਡੈਸਕ ਵੀ ਬਣਾਏ ਗਏ ਹਨ। ਸ਼ਰਾਰਤੀ ਅਨਸਰਾਂ ਤੇ ਮਨਚਲਿਆਂ ਤੋਂ ਸਖਤੀ ਨਾਲ ਨਜਿੱਠਿਆ ਜਾਵੇਗਾ।
ਮੌਸਮ ਵਿਭਾਗ ਨੇ ਨਵੇਂ ਸਾਲ 'ਤੇ ਬਰਫਬਾਰੀ ਦੀ ਸੰਭਾਵਨਾ ਵੀ ਜਤਾਈ ਹੈ। ਇਸ ਕਾਰਨ ਸ਼ਿਮਲਾ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਣਾ ਲਾਜ਼ਮੀ ਹੈ। ਨਵਾਂ ਸਾਲ ਮਨਾਉਣ ਲਈ ਇਨ੍ਹਾਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਪਹੁੰਚ ਰਹੇ ਸੈਲਾਨੀਆਂ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਹਿਮਾਚਲ ਸੈਰ-ਸਪਾਟਾ ਵਿਭਾਗ ਵੱਲੋਂ ਹੋਟਲਾਂ 'ਚ ਵਿਸ਼ੇਸ਼ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਆਦਾਤਰ ਹੋਟਲਾਂ 'ਚ ਡੀ.ਜੇ. ਮਿਊਜ਼ਿਕ ਪਾਰਟੀਆਂ ਦੇ ਆਯੋਜਨ ਦੀ ਤਿਆਰੀਆਂ ਕੀਤੀਆਂ ਗਈਆਂ ਹਨ।