ਜੰਮੂ-ਕਸ਼ਮੀਰ ਦੇ ਰਾਮਬਨ ਜਿ਼ਲ੍ਹੇ ਦੇ ਰਾਮਸੂ ਇਲਾਕੇ `ਚ ਮਾਗਰਕੋਟ ਵਿਖੇ ਕੌਮੀ ਸ਼ਾਹਰਾਹ `ਤੇ ਇੱਕ ਵੱਡੀ ਢਿੱਗ ਡਿੱਗ ਜਾਣ ਕਾਰਨ ਸ਼ੁੱਕਰਵਾਰ ਦੇਰ ਰਾਤ ਤੋਂ ਆਵਾਜਾਈ ਬੰਦ ਪਈ ਹੈ। ਇਸ ਕਰਕੇ ਹਜ਼ਾਰਾਂ ਵਾਹਨ ਤੇ ਉਨ੍ਹਾਂ ਦੇ ਯਾਤਰੀ ਫਸੇ ਹੋਏ ਹਨ। ਜੰਮੂ ਤੋਂ ਸ੍ਰੀਨਗਰ ਰਾਸ਼ਟਰੀ ਰਾਜਮਾਰਗ 294 ਕਿਲੋਮੀਟਰ ਲੰਮਾ ਹੈ; ਜਿੱਥੋਂ ਦੀ ਹਰ ਤਰ੍ਹਾਂ ਦੇ ਮੌਸਮ `ਚ ਲੰਘਿਆ ਜਾ ਸਕਦਾ ਹੈ।
ਰਾਸ਼ਟਰੀ ਹਾਈਵੇਅ ਨਾਲ ਸਬੰਧਤ ਐੱਸਐੱਸਪੀ ਸ਼ਕਤੀ ਪਾਠਕ ਨੇ ਦੱਸਿਆ ਕਿ ਮਾਗਰਕੋਟ `ਚ ਰਾਤੀਂ 10:30 ਵਜੇ ਇੱਕ ਵੱਡੀ ਢਿੱਗ ਸੜਕ `ਤੇ ਆ ਕੇ ਡਿੱਗ ਪਈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਪਰ ਉੱਥੇ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਵੱਡੇ ਪੱਥਰਾਂ ਕਾਰਨ ਮਲਬਾ ਹਟਾਉਣ `ਚ ਬਹੁਤ ਜਿ਼ਆਦਾ ਔਖ ਪੇਸ਼ ਆ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦੋਵੇਂ ਪੱਥਰਾਂ ਨੂੰ ਧਮਾਕਿਆਂ ਨਾਲ ਉਡਾ ਕੇ ਚੂਰ-ਚੂਰ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਸੀ।
ਟਰੱਕਾਂ, ਯਾਤਰੀ ਵਾਹਨਾਂ ਤੇ ਕਾਰਾਂ ਦੀਆਂ ਲੰਮੀਆਂ ਕਤਾਰਾਂ ਦੋਵੇਂ ਪਾਸੇ ਲੱਗੀਆਂ ਵੇਖੀਆਂ ਗਈਆਂ। ਉਂਝ ਕੁਝ ਸਥਾਨਕ ਲੋਕ ਬਿਸਲੇਰੀ ਨਾਲੇ ਵਿੱਚੋਂ ਦੀ ਲੰਘਦੇ ਵੀ ਵਿਖਾਈ ਦਿੱਤੇ।