ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਅਤੇ ਜੰਮੂ ਖੇਤਰ ਦੇ ਸਰਹੱਦੀ ਜਿ਼ਲ੍ਹਿਆਂ ਪੁੰਛ ਅਤੇ ਰਾਜੋਰੀ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ ਨਾਲ ਜੋੜਨ ਵਾਲੇ ਮੁਗ਼ਲ ਰੋਡ `ਤੇ ਅਧਿਕਾਰੀਆਂ ਨੇ ਅੱਜ ਸਾਵਧਾਨੀ ਵਜੋਂ ਆਵਾਜਾਈ ਰੋਕ ਦਿੱਤੀ, ਜਿਸ ਕਾਰਨ ਹਜ਼ਾਰਾਂ ਅਮਰਨਾਥ ਯਾਤਰੀਆਂ ਸਮੇਤ ਹਜ਼ਾਰਾਂ ਲੋਕ ਅਧਵਾਟੇ ਫਸ ਗਏ।
ਹਿਜ਼ਬੁਲ ਮੁਜਾਹਿਦੀਨ ਦੇ ਦਹਿਸ਼ਤਗਰਦ ਬੁਰਹਾਨ ਵਾਨੀ ਦੀ ਦੂਜੀ ਬਰਸੀ ਮੌਕੇ ਵੱਖਵਾਦੀਆਂ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਸੀ, ਜਿਸ ਕਾਰਨ ਡੀਜੀਪੀ ਐੱਸਪੀ ਵੇਦ ਨੇ ਅਮਰਨਾਥ ਯਾਤਰਾ ਨੂੰ ਅੱਜ ਮੁਲਤਵੀ ਰੱਖਣ ਦਾ ਐਲਾਨ ਕੱਲ੍ਹ ਹੀ ਕਰ ਦਿੱਤਾ ਸੀ।
ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਭਗਵਤੀ ਨਗਰ ਬੇਸ ਕੈਂਪ `ਚੋਂ ਬਾਹਰ ਨਿੱਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਜੋ ਸ੍ਰੀਨਗਰ ਆ ਚੁੱਕੇ ਹਨ ਅਤੇ ਕਸ਼ਮੀਰ ਦੇ ਰਸਤੇ `ਚ ਹਨ, ਉਨ੍ਹਾਂ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ `ਤੇ ਵੱਖੋ-ਵੱਖਰੇ ਸਥਾਨਾਂ `ਤੇ ਰੋਕ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬੁਰਹਾਨ ਦੀ ਦੂਜੀ ਬਰਸੀ ਮੌਕੇ ਵੱਖਵਾਦੀਆਂ ਦੇ ਬਦ ਦੇ ਐਲਾਨ ਦੇ ਮੱਦੇਨਜ਼ਰ ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ।
ਵੇਦ ਕੱਲ੍ਹ ਕਠੂਆ ਜਿ਼ਲ੍ਹੇ `ਚ ਅਮਰਨਾਥ ਯਾਤਰੀਆਂ ਲਈ ਬੰਦੋਬਸਤ ਦਾ ਨਿਰੀਖਣ ਕਰਨ ਲਈ ਗਏ ਸਨ। ਇਸੇ ਦੌਰਾਨ ਉਨ੍ਹਾਂ ਅੱਜ ਯਾਤਰਾ ਬੰਦ ਰੱਖਣ ਦਾ ਐਲਾਨ ਕੀਤਾ ਸੀ ਤੇ ਤੀਰਥ ਯਾਤਰੀਆਂ ਤੋਂ ਸਹਿਯੋਗ ਮੰਗਿਆ ਸੀ।
ਡੀਜੀਪੀ ਨੇ ਕਿਹਾ ਸੀ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਤੀਰਥ ਯਾਤਰੀਆਂ ਨੂੰ ਮੇਰੀ ਅਪੀਲ ਹੈ ਕਿ ਕਸ਼ਮੀਰ ਵਾਦੀ ਵਿੱਚ ਕਾਨੂੰਨ ਤੇ ਵਿਵਸਥਾ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਉਹ ਸਾਨੂੰ ਸਹਿਯੋਗ ਦੇਣ।
ਰਾਮਬਨ ਦੇ ਇੱਕ ਟ੍ਰੈਫਿ਼ਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਕੱਲ੍ਹ ਸ਼ਾਮੀਂ ਲਗਪਗ 2,000 ਸੈਲਾਨੀਆਂ ਅਤੇ ਯਾਤਰੀਆਂ ਨੂੰ ਜੰਮੂ ਤੋਂ ਕਸ਼ਮੀਰ ਵੱਲ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ,‘‘ਵਾਦੀ ਵਿੱਚ ਬਣੇ ਹਾਲਾਤ ਕਾਰਨ ਹਾਈਵੇਅ `ਤੇ ਆਵਾਜਾਈ ਰੋਕੀ ਗਈ ਹੈ। ਅੱਜ ਸਵੇਰ ਤੋਂ ਕਿਸੇ ਵੀ ਵਾਹਨ ਨੂੰ ਜੰਮੂ ਤੋਂ ਸ੍ਰੀਨਗਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।``
ਇੱਕ ਅਧਿਕਾਰੀ ਨੇ ਕਿਹਾ ਕਿ ਰਾਜਮਾਰਗ ਨੇੜੇ ਬਨਿਹਾਲ `ਚ ਸੁਰੱਖਿਆ ਬਲ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ।