ਜੰਮੂ–ਕਸ਼ਮੀਰ ’ਚ ਰੇਲ ਸੇਵਾਵਾਂ ਭਲਕੇ ਸੋਮਵਾਰ ਤੋਂ ਬਹਾਲ ਹੋਣ ਦੀ ਸੰਭਾਵਨਾ ਹੈ। ਪਹਿਲਾਂ ਇਹ ਸੇਵਾਵਾਂ ਐਤਵਾਰ ਤੋਂ ਮੁੜ ਸ਼ੁਰੂ ਹੋਣ ਦੀ ਗੱਲ ਕੀਤੀ ਗਈ ਸੀ। ਉਂਝ ਕੁਝ ਥਾਵਾਂ ’ਤੇ ਰੇਲ ਸੇਵਾਵਾਂ ਪਰੀਖਣ ਦੇ ਤੌਰ ਉੱਤੇ ਜ਼ਰੂਰ ਚਲਾਈਆਂ ਗਈਆਂ ਸਨ।
ਪਹਿਲਾਂ ਅਜਿਹਾ ਸੰਦੇਸ਼ ਜਾਰੀ ਕੀਤਾ ਗਿਆ ਸੀ ਕਿ ਰੇਲਵੇ ਨੇ ਐਤਵਾਰ ਤੋਂ ਸ੍ਰੀਨਗਰ–ਬਨਿਹਾਲ ਅਤੇ ਸ੍ਰੀਨਗਰ–ਬਾਰਾਮੂਲਾ ਰੂਟਾਂ ਉੱਤੇ ਰੇਲ ਗੱਡੀਆਂ ਮੁੜ ਸ਼ੁਰੂ ਹੋ ਜਾਣਗੀਆਂ।
ਚੇਤੇ ਰਹੇ ਕਿ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਨਿੱਚਰਵਾਰ ਨੁੰ ਸ੍ਰੀਨਗਰ–ਬਨਿਹਾਲ ਰੇਲਵੇ ਲਾਈਨ ਦੀ ਮੁਕੰਮਲ ਸੁਰੱਖਿਆ ਜਾਂਚ ਤੋਂ ਬਾਅਦ ਰੇਲ ਗੱਡੀਆਂ ਨੂੰ ਪਰੀਖਣ ਦੇ ਤੌਰ ਉੱਤੇ ਚਲਾਇਆ ਗਿਆ।
ਸੋਮਵਾਰ ਤੋਂ ਹੀ ਇਨ੍ਹਾਂ ਰੂਟਾਂ ਉੱਤੇ ਰੇਲ ਸੇਵਾ ਪੂਰੀ ਤਰ੍ਹਾਂ ਬਹਾਲ ਹੋਣ ਦੀ ਸੰਭਾਵਨਾ ਹੈ।
ਕਸ਼ਮੀਰ ਵਾਦੀ ਵਿੱਚ ਸਨਿੱਚਰਵਾਰ ਤੋਂ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਪਹਿਲਾਂ ਇਹ ਇਮਤਿਹਾਨ ਸੋਮਵਾਰ 11 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਨ ਪਰ ਭਾਰੀ ਬਰਫ਼ਬਾਰੀ ਕਾਰਨ ਪਹਿਲੇ ਦੋ ਪੇਪਰ ਮੁਲਤਵੀ ਕਰਨੇ ਪਏ ਸਨ।
ਕਸ਼ਮੀਰ ਵਾਦੀ ਦੇ ਬਾਜ਼ਾਰ ਵੀ ਹੁਣ ਸਵੇਰੇ ਤੋਂ ਦੁਪਹਿਰ ਦੇ ਕੁਝ ਘੰਟਿਆਂ ਲਈ ਨਿਯਮਤ ਤੌਰ ’ਤੇ ਖੁੱਲ੍ਹਣ ਲੱਗ ਪਏ ਹਨ। ਉਂਝ ਹਾਲੇ ਪ੍ਰੀ–ਪੇਡ ਮੋਬਾਇਲ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਹਾਲੇ ਵੀ ਰੁਕੀਆਂ ਹੋਈਆਂ ਹਨ।
ਜੰਮੂ–ਸ੍ਰੀਨਗਰ ਹਾਈਵੇਅ ਕੱਲ੍ਹ ਸਨਿੱਚਰਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਬੰਦ ਰਿਹਾ ਸੀ। ਭਾਰੀ ਮੀਂਹ ਕਾਰਨ ਰਾਮਬਨ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਜਮ੍ਹਾ ਹੋਇਆ ਮਲਬਾ ਹਟਾਉਣ ਦਾ ਕੰਮ ਰੁਕ ਗਿਆ ਹੈ।